Thursday, September 19, 2024
spot_img

ਵਿਜੀਲੈਂਸ ਬਿਊਰੋ ਵੱਲੋਂ ਨਰਸਿੰਗ ਦਾਖਲਿਆਂ ਤੇ ਪ੍ਰੀਖਿਆਵਾਂ ‘ਚ ਬੇਨਿਯਮੀਆਂ ਕਰਨ ਦੇ ਦੋਸ਼ ਹੇਠ ਦੋ ਹੋਰ ਮੁਲਜ਼ਮ ਗ੍ਰਿਫ਼ਤਾਰ

Must read

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਨਰਸਿੰਗ ਰਜਿਸਟਰੇਸ਼ਨ ਕੌਂਸਲ ਮੁਹਾਲੀ (ਪੀ.ਐਨ.ਆਰ.ਸੀ.) ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਮਿਲੀਭੁਗਤ ਰਾਹੀਂ ਨਰਸਿੰਗ ਪ੍ਰੀਖਿਆਵਾਂ ਵਿੱਚ ਬੇਨਿਯਮੀਆਂ ਕਰਨ ਦੇ ਦੋਸ਼ ਹੇਠ ਮੁਲਜ਼ਮ ਅਰੁਨਾ ਛਾਬੜਾ, ਸਾਬਕਾ ਪ੍ਰਿੰਸੀਪਲ ਕੇ.ਡੀ. ਕਾਲਜ ਆਫ ਨਰਸਿੰਗ ਮਾਹਿਲਪੁਰ, ਜ਼ਿਲਾ ਹੁਸ਼ਿਆਰਪੁਰ ਨੂੰ ਉਸ ਦੀ ਰਿਹਾਇਸ਼ ਪਿੰਡ ਖੁੱਡਾ ਜੱਸੂ, ਚੰਡੀਗੜ੍ਹ ਤੋਂ ਅਤੇ ਮੁਲਜ਼ਮ ਡਾ. ਕੁਲਦੀਪ ਸਿੰਘ ਮਹਿਰੋਕ, ਸੰਸਥਾਪਕ ਮਹਿਰੋਕ ਕਾਲਜ ਆਫ ਨਰਸਿੰਗ ਐਂਡ ਮੈਡੀਕਲ ਸਾਇੰਸਿਜ਼, ਤੇਈਪੁਰ, ਤਹਿਸੀਲ ਪਾਤੜਾਂ, ਜ਼ਿਲਾ ਪਟਿਆਲਾ, ਨੂੰ ਉਸ ਦੇ ਪ੍ਰਾਈਵੇਟ ਹਸਪਤਾਲ “ਟ੍ਰਾਈਸਿਟੀ ਕਲੀਨਿਕ ਐਂਡ ਹਸਪਤਾਲ” ਡੇਰਾ ਬੱਸੀ, ਜ਼ਿਲਾ ਮੁਹਾਲੀ ਤੋਂ ਗ੍ਰਿਫਤਾਰ ਕਰ ਲਿਆ ਹੈ। ਇਹ ਦੋਵੇਂ ਮੁਲਜ਼ਮ ਇਸ ਚਰਚਿਤ ਕੇਸ ਵਿੱਚ ਆਪਣੀ ਗ੍ਰਿਫਤਾਰੀ ਦੇ ਡਰ ਤੋਂ ਫਰਾਰ ਹੋ ਗਏ ਸਨ।

ਇਸ ਕੇਸ ਵਿੱਚ ਪੀ.ਐਨ.ਆਰ.ਸੀ. ਦੀ ਸਾਬਕਾ ਰਜਿਸਟਰਾਰ ਅਤੇ ਨਰਸਿੰਗ ਸਿਖਲਾਈ ਸਕੂਲ ਗੁਰਦਾਸਪੁਰ ਦੀ ਪ੍ਰਿੰਸੀਪਲ (ਸੇਵਾਮੁਕਤ) ਚਰਨਜੀਤ ਕੌਰ ਚੀਮਾ ਅਤੇ ਡਾ: ਅਰਵਿੰਦਰਵੀਰ ਸਿੰਘ ਗਿੱਲ, ਵਾਸੀ ਬਸੰਤ ਵਿਹਾਰ, ਹੁਸ਼ਿਆਰਪੁਰ ਨੂੰ ਬੀਤੇ ਦਿਨ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪੀ.ਐਨ.ਆਰ.ਸੀ. ਵੱਲੋਂ ਨਿੱਜੀ ਨਰਸਿੰਗ ਕਾਲਜਾਂ ਵਿੱਚ ਦਾਖਲਿਆਂ, ਪ੍ਰੀਖਿਆਵਾਂ ਅਤੇ ਨਤੀਜਿਆਂ ਵਿੱਚ ਧੋਖਾਧੜੀ ਕਰਨ ਬਾਰੇ ਮਿਲੀ ਸ਼ਿਕਾਇਤ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਨਿੱਜੀ ਨਰਸਿੰਗ ਕਾਲਜਾਂ ਦੇ ਪ੍ਰਬੰਧਕਾਂ ਦੀ ਮਿਲੀਭੁਗਤ ਨਾਲ ਪੀ.ਐਨ.ਆਰ.ਸੀ. ਵਿੱਚ ਜਾਅਲੀ ਰਿਕਾਰਡ ਤਿਆਰ ਕੀਤੇ ਅਤੇ ਸਰਕਾਰੀ ਰਿਕਾਰਡ ਨਾਲ ਛੇੜਛਾੜ ਕਰਦਿਆਂ ਲੋੜੀਂਦੇ ਦਾਖਲਾ ਫ਼ਾਰਮ, ਪ੍ਰੀਖਿਆ ਫ਼ਾਰਮਾਂ ਅਤੇ ਪ੍ਰੀਖਿਆ ਫ਼ੀਸ ਤੋਂ ਬਿਨਾਂ ਹੀ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਲਈਆਂ ਗਈਆਂ।

ਇਸ ਘਪਲੇ ਦਾ ਖ਼ੁਲਾਸਾ ਕਰਦਿਆਂ ਬੁਲਾਰੇ ਨੇ ਦੱਸਿਆ ਕਿ ਕੇ.ਡੀ. ਕਾਲਜ ਆਫ਼ ਨਰਸਿੰਗ, ਮਾਹਿਲਪੁਰ, ਹੁਸ਼ਿਆਰਪੁਰ ਨੂੰ ਭਾਰਤੀ ਨਰਸਿੰਗ ਕੌਂਸਲ ਨਵੀਂ ਦਿੱਲੀ ਤੋਂ ਮਿਤੀ 25.09.2019 ਅਤੇ ਪੀ.ਐਨ.ਆਰ.ਸੀ. ਤੋਂ ਮਿਤੀ 29.11.2012 ਨੂੰ ਜਾਰੀ ਪੱਤਰ ਰਾਹੀਂ ਮਾਨਤਾ ਮਿਲੀ ਸੀ ਜਦੋਂ ਕਿ ਇਸ ਕਾਲਜ ਦੀ ਮਾਨਤਾ ਤੋਂ ਪਹਿਲਾਂ ਹੀ ਪੀ.ਐਨ.ਆਰ.ਸੀ. ਵੱਲੋਂ ਜਾਰੀ ਕੀਤੇ ਦਾਖਲਾ ਫਾਰਮ ਅਤੇ ਰਸੀਦ ਨੰਬਰ ਜਾਰੀ ਕੀਤੇ ਗਏ ਸਨ। ਬੁਲਾਰੇ ਨੇ ਖੁਲਾਸਾ ਕੀਤਾ ਕਿ ਇਸ ਕਾਲਜ ਨਾਲ ਸਬੰਧਤ 5 ਰੋਲ ਨੰਬਰਾਂ ਦੇ ਦਾਖਲਾ ਫਾਰਮ ਪ੍ਰਾਪਤ ਹੋਏ ਸਨ, ਪਰ ਇਹ ਦਾਖਲਾ ਫਾਰਮ/ਰੋਲ ਨੰਬਰ ਪੀ.ਐਨ.ਆਰ.ਸੀ. ਵੱਲੋਂ ਪ੍ਰਿੰਸਟਨ ਇੰਸਟੀਚਿਊਟ ਆਫ ਨਰਸਿੰਗ ਗੁਰਦਾਸਪੁਰ ਨੂੰ ਜਾਰੀ ਕੀਤੇ ਗਏ ਸਨ। ਇਨ੍ਹਾਂ 5 ਵਿਦਿਆਰਥੀਆਂ ਦੀ ਫਰਜ਼ੀ ਦਾਖਲਾ ਸੂਚੀ ਕਾਲਜ ਨੂੰ ਮਾਨਤਾ ਪ੍ਰਾਪਤ ਹੋਣ ਤੋਂ ਪਹਿਲਾਂ ਅਕਤੂਬਰ 2012 ਵਿਚ ਹੀ ਤਿਆਰ ਕਰ ਲਈ ਗਈ ਸੀ ਅਤੇ ਇਸ ਦਾਖਲਾ ਸੂਚੀ ਦੇ ਆਧਾਰ ’ਤੇ ਇਨ੍ਹਾਂ ਵਿਦਿਆਰਥੀਆਂ ਦੇ ਪ੍ਰੀਖਿਆ ਫਾਰਮਾਂ ਅਤੇ ਪ੍ਰੀਖਿਆ ਫੀਸਾਂ ਦੀ ਰਸੀਦ ’ਤੇ ਇਨ੍ਹਾਂ ਰੋਲ ਨੰਬਰਾਂ ਸਬੰਧੀ ਕੱਟ ਲਿਸਟ ਜਾਰੀ ਕਰ ਦਿੱਤੀ ਗਈ ਸੀ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜੀ.ਆਰ.ਡੀ. ਇੰਟਰਨੈਸ਼ਨਲ ਇੰਸਟੀਚਿਊਟ ਆਫ ਨਰਸਿੰਗ ਟਾਂਡਾ ਉੜਮੁੜ, ਹੁਸ਼ਿਆਰਪੁਰ ਨਾਲ ਸਬੰਧਤ 27 ਵਿਦਿਆਰਥੀਆਂ ਦੀ ਦਾਖਲਾ ਸੂਚੀ ਪੀ.ਐਨ.ਆਰ.ਸੀ. ਦੁਆਰਾ ਤਿਆਰ ਕਰਕੇ ਵੈਬਸਾਈਟ ’ਤੇ ਅਪਲੋਡ ਕੀਤੀ ਗਈ ਸੀ। ਇਸ ਤੋਂ ਬਾਅਦ ਇਸ ਕਾਲਜ ਦੇ 30 ਵਿਦਿਆਰਥੀਆਂ ਦੀ ਸੋਧੀ ਹੋਈ ਸੂਚੀ ਵਿੱਚ ਕੇ.ਡੀ. ਕਾਲਜ ਆਫ਼ ਨਰਸਿੰਗ ਮਾਹਿਲਪੁਰ ਦੇ 2 ਰੋਲ ਨੰਬਰਾਂ ਨਾਲ ਸਬੰਧਤ ਦਾਖ਼ਲੇ ਦਿਖਾਏ ਗਏ ਸਨ। ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਤਰ੍ਹਾਂ, ਉਕਤ ਦੋ ਕਾਲਜਾਂ ਦੇ ਵਿਦਿਆਰਥੀਆਂ ਦੇ ਦਾਖਲੇ, ਇਹਨਾਂ ਰੋਲ ਨੰਬਰਾਂ ਸਬੰਧੀ ਜਾਰੀ ਕੀਤੀਆਂ ਗਈਆਂ ਸੂਚੀਆਂ ਅਤੇ ਵਿਦਿਆਰਥੀਆਂ ਦੇ ਤਬਾਦਲੇ/ਅਡਜਸਟਮੈਂਟ ਪੀ.ਐਨ.ਆਰ.ਸੀ. ਦੀ ਪ੍ਰੀਖਿਆ ਸ਼ਾਖਾ ਦੇ ਅਮਲਾ ਕਰਮੀ (ਡੀਲਿੰਗ ਹੈਂਡ) ਦੀ ਤਾਇਨਾਤੀ ਦੌਰਾਨ ਹੋਏ ਸਨ।

ਇਸ ਤੋਂ ਇਲਾਵਾ ਮਹਿਰੋਕ ਕਾਲਜ ਆਫ਼ ਨਰਸਿੰਗ ਐਂਡ ਮੈਡੀਕਲ ਸਾਇੰਸਜ਼, ਤੇਈਪੁਰ, ਪਟਿਆਲਾ ਦੇ ਸੰਸਥਾਪਕ ਡਾ. ਕੁਲਦੀਪ ਸਿੰਘ ਮਹਿਰੋਕ, ਵਾਸੀ ਕਸਬਾ ਖਨੌਰੀ, ਜਿਲ੍ਹਾ ਸੰਗਰੂਰ ਅਤੇ ਡਾ: ਅਰਵਿੰਦਰਵੀਰ ਸਿੰਘ ਗਿੱਲ ਨੇ ਕੇ.ਡੀ. ਕਾਲਜ ਆਫ਼ ਨਰਸਿੰਗ ਮਾਹਿਲਪੁਰ ਦੇ 15 ਵਿਦਿਆਰਥੀਆਂ ਦੇ ਨਾਮ, ਪਤੇ ਅਤੇ ਦਸਤਾਵੇਜ਼ ਮੁਹੱਈਆ ਕਰਵਾਏ ਸਨ ਜਿਨ੍ਹਾਂ ਦੇ 2 ਸਾਲਾ ਏ.ਐਨ.ਐਮ. ਕੋਰਸ ਦੀ ਫੀਸ 40,000 ਰੁਪਏ ਪ੍ਰਤੀ ਵਿਦਿਆਰਥੀ ਰੱਖੀ ਸੀ। ਉਪਰੰਤ ਕੇ.ਡੀ. ਕਾਲਜ ਆਫ਼ ਨਰਸਿੰਗ ਮਾਹਿਲਪੁਰ ਦੀ ਸਾਬਕਾ ਪ੍ਰਿੰਸੀਪਲ ਅਰੁਣਾ ਛਾਬੜਾ ਨੇ ਇਨ੍ਹਾਂ ਵਿਦਿਆਰਥੀਆਂ ਦੇ ਦਾਖ਼ਲਾ ਫਾਰਮਾਂ ਦੀ ਤਸਦੀਕ ਕੀਤੀ ਸੀ। ਪੀ.ਐਨ.ਆਰ.ਸੀ. ਦੇ ਸਬੰਧਤ ਡੀਲਿੰਗ ਹੈਂਡ ਅਤੇ ਚਰਨਜੀਤ ਕੌਰ ਚੀਮਾ, ਰਜਿਸਟਰਾਰ ਨੇ ਪੀ.ਐਨ.ਆਰ.ਸੀ. ਦੀ ਵੈੱਬਸਾਈਟ ’ਤੇ ਇਨ੍ਹਾਂ 15 ਵਿਦਿਆਰਥੀਆਂ ਦੇ ਨਾਮ ਅਤੇ ਵੇਰਵੇ ਅਪਲੋਡ ਨਹੀਂ ਕੀਤੇ। ਇਸ ਤੋਂ ਇਲਾਵਾ ਇੰਨਾਂ ਦੀ ਲੋੜੀਂਦੀ ਪ੍ਰੀਖਿਆ ਫੀਸ ਜਮ੍ਹਾਂ ਕਰਵਾਏ ਬਿਨਾਂ ਹੀ ਰੋਲ ਨੰਬਰ ਜਾਰੀ ਕਰ ਦਿੱਤੇ ਗਏ। ਇਨ੍ਹਾਂ ਵਿਦਿਆਰਥੀਆਂ ਦੀ ਪ੍ਰੀਖਿਆ ਲੈਣ ਤੋਂ ਬਾਅਦ ਪੀ.ਐਨ.ਆਰ.ਸੀ. ਦੀ ਉਕਤ ਰਜਿਸਟਰਾਰ ਨੇ ਕੇ.ਡੀ. ਕਾਲਜ ਆਫ਼ ਨਰਸਿੰਗ ਮਾਹਿਲਪੁਰ ਦੇ ਕੁੱਲ 20 ਵਿਦਿਆਰਥੀਆਂ ਦੇ ਨਤੀਜੇ ਤਿਆਰ ਕੀਤੇ ਜਿਨ੍ਹਾਂ ਵਿੱਚ ਸਿਰਫ਼ 5 ਵਿਦਿਆਰਥੀਆਂ ਦੇ ਹੀ ਨਾਮ ਅਤੇ ਪਤੇ ਹੀ ਦਰਜ ਸਨ ਜਦਕਿ 15 ਵਿਦਿਆਰਥੀਆਂ ਦੇ ਨਤੀਜੇ ਸਿਰਫ਼ ਰੋਲ ਨੰਬਰਾਂ ਦੇ ਨਾਲ ਹੀ ਦਰਸਾਏ ਗਏ ਸਨ।

ਬੁਲਾਰੇ ਨੇ ਅੱਗੇ ਦੱਸਿਆ ਕਿ ਜਾਂਚ ਦੌਰਾਨ ਪਾਇਆ ਗਿਆ ਕਿ ਮੁਲਜ਼ਮ ਚਰਨਜੀਤ ਕੌਰ ਚੀਮਾ ਨੇ ਮੁਲਜ਼ਮ ਡਾ. ਅਰਵਿੰਦਰਵੀਰ ਸਿੰਘ ਗਿੱਲ ਨਾਲ ਮਿਲੀਭੁਗਤ ਕਰਕੇ ਉਕਤ 15 ਵਿਦਿਆਰਥੀਆਂ ਤੋਂ ਹਲਫ਼ੀਆ ਬਿਆਨ ਲੈ ਕੇ ਅਤੇ ਕੇ.ਡੀ. ਕਾਲਜ ਆਫ਼ ਨਰਸਿੰਗ ਮਾਹਿਲਪੁਰ ਦੀ ਸਾਬਕਾ ਪ੍ਰਿੰਸੀਪਲ ਅਰੁਣਾ ਛਾਬੜਾ ਤੋਂ ਦਸਤਾਵੇਜ਼ ਦੁਬਾਰਾ ਤਸਦੀਕ ਕਰਵਾ ਕੇ ਨਤੀਜਾ ਘੋਸ਼ਿਤ ਕਰ ਦਿੱਤਾ। ਇਹ ਵੀ ਪਾਇਆ ਗਿਆ ਕਿ ਇਸ ਨਤੀਜੇ ‘ਤੇ ਡੀਲਿੰਗ ਹੈਂਡ ਜਾਂ ਪੀ.ਐਨ.ਆਰ.ਸੀ. ਦੀ ਪ੍ਰੀਖਿਆ ਸ਼ਾਖਾ ਦੇ ਸੁਪਰਡੈਂਟ ਦੇ ਹਸਤਾਖ਼ਰ ਨਹੀਂ ਸਨ ਬਲਕਿ ਰੋਜ਼ਾਨਾ ਅਧਾਰ ‘ਤੇ ਕੰਮ ਕਰਨ ਵਾਲੇ ਇੱਕ ਡਾਟਾ ਐਂਟਰੀ ਆਪਰੇਟਰ ਦੁਆਰਾ ਹਸਤਾਖ਼ਰ ਕੀਤੇ ਗਏ ਸਨ। ਬੁਲਾਰੇ ਨੇ ਦੱਸਿਆ ਕਿ ਡੂੰਘਾਈ ਨਾਲ ਜਾਂਚ ਕਰਨ ਉਪਰੰਤ ਸ਼ਿਕਾਇਤ ਵਿੱਚ ਲਾਏ ਸਾਰੇ ਦੋਸ਼ ਸਹੀ ਪਾਏ ਗਏ। ਇਸ ਜਾਂਚ ਦੇ ਆਧਾਰ ‘ਤੇ ਵਿਜੀਲੈਂਸ ਬਿਊਰੋ ਨੇ ਉਕਤ ਮੁਲਜ਼ਮਾਂ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਰੇਂਜ ਵਿਖੇ ਮੁਕੱਦਮਾ ਨੰਬਰ 16 ਮਿਤੀ 02.08.2024 ਨੂੰ ਆਈਪੀਸੀ ਦੀ ਧਾਰਾ 409, 420, 465, 467, 471, 201, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1)ਏ ਅਤੇ 13(2) ਤਹਿਤ ਕੇਸ ਦਰਜ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article