ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਛੋਟੀਆਂ ਸਨਅੱਤਾਂ ਅਤੇ ਨਿਰਯਾਤ ਨਿਗਮ ਲਿਮਟਿਡ (ਪੀ.ਐਸ.ਆਈ.ਈ.ਸੀ.) ਦੇ ਉਦਯੋਗਿਕ ਪਲਾਟਾਂ ਦੀ ਅਲਾਟਮੈਂਟ ਵਿੱਚ ਧੋਖਾਧੜੀ ਕਰਨ ਸਬੰਧੀ ਮੁਕੱਦਮੇ ’ਚ ਲੋੜੀਂਦੇ ਤਿੰਨ ਹੋਰ ਦੋਸ਼ੀਆਂ ਦਰਸ਼ਨ ਕੁਮਾਰ ਉਰਫ ਦਰਸ਼ਨ ਗਰਗ ਅਤੇ ਅਮਰਜੀਤ ਸਿੰਘ, ਦੋਵੇਂ ਸੇਵਾਮੁਕਤ ਅਸਟੇਟ ਅਫਸਰ ਅਤੇ ਵਿਜੇ ਕੁਮਾਰ ਗੁਪਤਾ, ਸੀਨੀਅਰ ਸਹਾਇਕ ਨੂੰ ਗ੍ਰਿਫਤਾਰ ਕੀਤਾ ਹੈ।
ਇਹ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਮੁਹਾਲੀ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ (ਸੀ.ਜੇ.ਐਮ.) ਦੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ ਜਿਸ ਪਿੱਛੋਂ ਵਿਜੀਲੈਂਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸਬੰਧ ਵਿੱਚ ਪਹਿਲਾਂ ਹੀ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 420, 409, 465, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1)1 ਦੇ 13(2) ਤਹਿਤ ਐਫਆਈਆਰ ਨੰਬਰ 04 ਮਿਤੀ 8 ਮਾਰਚ 2024 ਨੂੰ ਵਿਜੀਲੈਂਸ ਦੇ ਪੁਲਿਸ ਥਾਣਾ, ਫਲਾਇੰਗ ਸਕੁਐਡ-1, ਪੰਜਾਬ, ਐਸਏਐਸ ਨਗਰ ਵਿਖੇ ਕੇਸ ਦਰਜ ਕੀਤਾ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਉਕਤ ਮੁਲਾਜ਼ਮਾਂ ਨੇ ਹੋਰਨਾਂ ਨਾਲ ਮਿਲ ਕੇ ਫਰਜ਼ੀ ਖ਼ਰੀਦਦਾਰ, ਜਾਅਲੀ ਪਤੇ ਅਤੇ ਫਰਜ਼ੀ ਫਰਮਾਂ ਦੀ ਵਰਤੋਂ ਕਰਕੇ ਉਦਯੋਗਿਕ ਪਲਾਟਾਂ ਦੀ ਅਲਾਟਮੈਂਟ ਵਿੱਚ ਬੇਨਿਯਮੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਸ ਮੁਕੱਦਮੇ ਦੀ ਅਗਲੇਰੀ ਜਾਂਚ ਜਾਰੀ ਹੈ।