ਦਿ ਸਿਟੀ ਹੈਡਲਾਈ
ਲੁਧਿਆਣਾ, 24 ਨਵੰਬਰ
ਵਿਜੀਲੈਂਸ ਦੀ ਟੀਮ ਨੇ ਲੁਧਿਆਣਾ ਵਿੱਚ ਹਲਕਾ ਪੀਰੂਬੰਦਾ, ਪੂਰਬੀ ਵਿਖੇ ਤਾਇਨਾਤ ਇੱਕ ਅਜਿਹੇ ਪਟਵਾਰੀ ’ਤੇ ਕੇਸ ਦਰਜ ਕੀਤਾ ਹੈ। ਜਿਸਨੇ 34 ਲੱਖ ਰੁਪਏ ਰਿਸ਼ਵਤ ਲਈ। ਪਰ ਤੁਸੀ ਇਹ ਜਾਣ ਕੇ ਜ਼ਿਆਦਾ ਹੈਰਾਨ ਹੋ ਜਾਓਗੇ ਕਿ ਉਸ ਨੇ ਰਿਸ਼ਵਤ ਦੇ ਪੈਸਿਆਂ ਵਿੱਚ 3 ਲੱਖ ਰੁਪਏ ਦੀਆਂ ਪਾਕਿਸਤਾਨੀ ਜੁੱਤੀਆਂ ਮੰਗਵਾਈਆਂ, ਨਾਲ ਹੀ ਜਨਮ ਦਿਨ ਪਾਰਟੀ ’ਤੇ ਖ਼ਰਚੇ 80 ਹਜ਼ਾਰ ਰੁਪਏ ਦਾ ਬਿੱਲ ਵੀ ਰਿਸ਼ਵਤ ਦੇ ਪੈਸੇ ਲੈ ਕੇ ਸਿੱਧਾ ਰਿਸ਼ਤਵ ਦੇਣ ਵਾਲੇ ਤੋਂ ਰੈਸਟੋਰੈਂਟ ਵਾਲੇ ਨੂੰ ਭਜਵਾਇਆ। ਵਿਜੀਲੈਂਸ ਨੇ ਮਾਲ ਪਟਵਾਰੀ ਗੁਰਵਿੰਦਰ ਸਿੰਘ ਅਤੇ ਉਸ ਦੇ ਪ੍ਰਾਈਵੇਟ ਏਜੰਟ ਨਿੱਕੂ ਵਿਰੁੱਧ 34.70 ਲੱਖ ਰੁਪਏ ਰਿਸ਼ਵਤ ਲੈਣ ਲਈ ਭ੍ਰਿਸ਼ਟਾਚਾਰ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਕੇਸ ’ਚ ਪਟਵਾਰੀ ਦੇ ਭਰਾ ਅਤੇ ਪਿਤਾ ਨੂੰ ਵੀ ਰਿਸ਼ਵਤ ਲੈਣ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਸ਼ਾਮਲ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਬੱਬੂ ਤੰਵਰ ਵਾਸੀ ਕਸਬਾ ਰਾਮਪੁਰਾ ਫੂਲ, ਜ਼ਿਲ੍ਹਾ ਬਠਿੰਡਾ ਨੇ ਉਸ ਪਟਵਾਰੀ ਅਤੇ ਉਸ ਦੇ ਪ੍ਰਾਈਵੇਟ ਏਜੰਟ ਖਿਲਾਫ਼ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ’ਤੇ ਦਰਜ ਕਰਵਾਈ ਸ਼ਿਕਾਇਤ ਵਿੱਚ ਦੋਸ਼ ਲਗਾਇਆ ਕਿ ਦੋਵਾਂ ਮੁਲਜ਼ਮਾਂ ਨੇ ਸਾਲ 1994 ਵਿੱਚ ਰਜਿਸਟਰੀ ਹੋਈ ਆਪਣੇ ਪਿਤਾ ਦੀ ਜਾਇਦਾਦ ਦਾ ਇੰਤਕਾਲ ਮਨਜ਼ੂਰ ਕਰਾਉਣ ਬਦਲੇ 40,000 ਰੁਪਏ ਦੀ ਰਿਸ਼ਵਤ ਲਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਸਬੰਧੀ ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਦੀ ਟੀਮ ਵੱਲੋਂ ਆਨਲਾਈਨ ਸ਼ਿਕਾਇਤ ਦੀ ਪੜਤਾਲ ਕੀਤੀ ਗਈ ਜਿਸ ਦੌਰਾਨ ਸਾਹਮਣੇ ਆਇਆ ਕਿ ਇਹ ਪਟਵਾਰੀ, ਉਸਦੇ ਏਜੰਟ ਨਿੱਕੂ, ਪਿਤਾ ਪਰਮਜੀਤ ਸਿੰਘ ਅਤੇ ਉਕਤ ਪਟਵਾਰੀ ਦੇ ਭਰਾ ਨੇ ਆਪਸ ਵਿੱਚ ਮਿਲੀਭੁਗਤ ਕਰਕੇ ਉਸਦੇ ਪਿਤਾ ਦੀ ਲੁਧਿਆਣਾ ਦੇ ਬੱਸ ਸਟੈਂਡ ਨੇੜੇ ਸਥਿਤ ਜਾਇਦਾਦ ਦੇ ਇੰਤਕਾਲ ਨੂੰ ਮਨਜ਼ੂਰੀ ਦੇਣ ਬਦਲੇ ਵੱਖ-ਵੱਖ ਸਮਿਆਂ ’ਤੇ ਚਾਰ ਵਾਰੀ ’ਚ ਕੁੱਲ 27,50,000 ਰੁਪਏ ਰਿਸ਼ਵਤ ਲਈ ਹੈ।
ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾਉਂਦਿਆਂ ਕਿਹਾ ਕਿ ਪਟਵਾਰੀ ਅਤੇ ਉਸ ਦੇ ਏਜੰਟ ਨਿੱਕੂ ਨੇ ਉਸ ਤੋਂ ਸਮਾਰਟ ਘੜੀਆਂ ਸਮੇਤ ਦੋ ਆਈ-ਫੋਨ ਅਤੇ 3 ਲੱਖ ਰੁਪਏ ਕੀਮਤ ਵਾਲੀਆਂ ਪਾਕਿਸਤਾਨੀ ਜੁੱਤੀਆਂ ਖਰੀਦਣ ਲਈ 3,40,000 ਰੁਪਏ ਵੀ ਲਏ ਸਨ। ਇਸ ਤੋਂ ਇਲਾਵਾ ਸ਼ਿਕਾਇਤਕਰਤਾ ਵੱਲੋਂ ਪਟਵਾਰੀ ਦੇ ਵਿਚੋਲੀਏ ਨਿੱਕੂ ਦੀ ਜਨਮ ਦਿਨ ਪਾਰਟੀ ਮੌਕੇ ਵੀ 80,000 ਰੁਪਏ ਖਰਚ ਕੀਤੇ ਸਨ।
ਬੁਲਾਰੇ ਨੇ ਦੱਸਿਆ ਕਿ ਤਫ਼ਤੀਸ਼ ਮੁਤਾਬਕ ਪਟਵਾਰੀ ਨੇ ਨਾ ਤਾਂ ਇਸ ਜਾਇਦਾਦ ਦਾ ਇੰਤਕਾਲ ਦਰਜ ਕੀਤਾ ਅਤੇ ਨਾ ਹੀ ਸ਼ਿਕਾਇਤਕਰਤਾ ਤੋਂ ਪ੍ਰਾਪਤ ਕੀਤੀ ਰਕਮ ਵਾਪਸ ਕੀਤੀ, ਜਿਸ ਤੋਂ ਸਿੱਧ ਹੁੰਦਾ ਹੈ ਕਿ ਦੋਵਾਂ ਮੁਲਜ਼ਮਾਂ ਨੇ ਰਿਸ਼ਵਤ ਲੈ ਕੇ ਵੀ ਉਸ ਨਾਲ ਠੱਗੀ ਕੀਤੀ ਹੈ। ਵਿਜੀਲੈਂਸ ਨੇ ਇਸ ਸਬੰਧ ਵਿੱਚ ਪਟਵਾਰੀ ਗੁਰਵਿੰਦਰ ਸਿੰਘ, ਉਸਦੇ ਸਾਥੀ ਨਿੱਕੂ ਸਮੇਤ ਪਟਵਾਰੀ ਦੇ ਭਰਾ ਅਤੇ ਪਿਤਾ ਨੂੰ ਰਿਸ਼ਵਤ ਮੰਗਣ ਅਤੇ ਲੈਣ ਅਤੇ ਆਪਸੀ ਮਿਲੀਭੁਗਤ ਨਾਲ ਸਾਜ਼ਿਸ਼ ਰਚਣ ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਮੁਲਜ਼ਮ ਪੁੱਛਗਿੱਛ ’ਚ ਸ਼ਾਮਿਲ ਹੋਣ ਲਈ ਨਹੀਂ ਆਏ ਅਤੇ ਇਸ ਮਾਮਲੇ ’ਚ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਯਤਨ ਕੀਤੇ ਜਾ ਰਹੇ ਹਨ।