ਦਿ ਸਿਟੀ ਹੈੱਡਲਾਈਨ
ਲੁਧਿਆਣਾ, 16 ਫਰਵਰੀ
ਜ਼ਿਲ੍ਹਾਂ ਲੁਧਿਆਣਾ ਵਿੱਚ 65 ਲੱਖ ਦੇ ਸੋਲਰ ਲਾਈਟਾਂ ਅਤੇ ਖੇਡ ਕਿੱਟਾਂ ਘੁਟਾਲੇ ਵਿੱਚ ਸਾਬਕਾ ਸੀਐਮ ਅਮਰਿੰਦਰ ਸਿੰਘ ਦੇ ਸਾਬਕਾ ਓਐਸਡੀ ਕੈਪਟਨ ਸੰਦੀਪ ਸੰਧੂ ਅੱਜ ਵਿਜੀਲੈਂਸ ਸਾਹਮਣੇ ਪੇਸ਼ ਹੋਏ। ਹਾਲਾਂਕਿ, ਉਨ੍ਹਾਂ ਨੂੰ ਇਸ ਮਾਮਲੇ ਵਿੱਚ ਹਾਈਕੋਰਟ ਤੋਂ ਜਮਾਨਤ ਮਿਲੀ ਹੋਈ ਹੈ। ਪਰ ਵਿਜੀਲੈਂਸ ਵੱਲੋਂ ਪੁੱਛ ਗਿੱਛ ਲਈ ਸੱਦਣ ਤੇ ਉਹ ਲੁਧਿਆਣਾ ਸਥਿਤ ਵਿਜੀਲੈਂਸ ਦੇ ਦਫ਼ਤਰ ਪੁੱਜੇ ਤੇ ਪੜਤਾਲ ਵਿੱਚ ਸ਼ਾਮਲ ਹੋਏ।
ਕੈਪਟਨ ਸੰਦੀਪ ਸੰਧੂ ਸਵੇਰੇ ਕਰੀਬ 10 ਵਜੇ ਵਿਜੀਲੈਂਸ ਦਫ਼ਤਰ ਪੁੱਜੇ ਸਨ। ਵਿਜੀਲੈਂਸ ਨੇ ਕੈਪਟਨ ਸੰਦੀਪ ਸੰਧੂ ਤੋਂ 2 ਘੰਟੇ ਤੋਂ ਵੱਧ ਸਮਾਂ ਪੁੱਛਗਿੱਛ ਕੀਤੀ ਹੈ। ਦੱਸ ਦੇਈਏ ਕਿ ਇਸ ਘਟਾਲੇ ਵਿੱਚ ਨਾਮ ਆਉਣ ਤੋਂ ਬਾਅਦ ਕੈਪਟਨ ਸੰਦੀਪ ਸੰਧੂ ਫਰਾਰ ਸਨ। ਵਿਜੀਲੈਂਸ ਨੇ ਉਸ ਦੇ ਕਈ ਟਿਕਾਣਿਆਂ ’ਤੇ ਛਾਪੇਮਾਰੀ ਵੀ ਕੀਤੀ ਸੀ। ਕਾਫੀ ਜੱਦੋ ਜਹਿਦ ਤੋਂ ਬਾਅਦ ਕੈਪਟਨ ਸੰਧੂ ਨੇ ਹਾਈਕੋਰਟ ’ਚ ਜਮਾਨਤ ਪਟੀਸ਼ਨ ਦਾਇਰ ਕਰ ਦਿੱਤੀ।
ਵਿਜੀਲੈਂਸ ਕੈਪਟਨ ਸੰਦੀਪ ਸੰਧੂ ਦੀ ਜਾਇਦਾਦ ਨਾਲ ਸਬੰਧਤ ਦਸਤਾਵੇਜ਼ਾਂ ਦੀ ਜਾਂਚ ਕਰ ਦਿੱਤੀ ਸੀ। ਇਸ ਦੌਰਾਨ ਉਨ੍ਹਾਂ ਨੂੰ ਹਾਈਕੋਰਟ ਤੋਂ ਜਮਾਨਤ ਮਿਲ ਗਈ ਤੇ ਉਹ ਦੁਬਾਰਾ ਸਿਆਸੀ ਖੇਤਰ ਵਿੱਚ ਆਉਣ ਜਾਣ ਲੱਗ ਗਏ ਸਨ। ਇਸ ਮਾਮਲੇ ਵਿੱਚ ਅੱਜ ਉਹ ਜਮਾਨਤ ਤੋਂ ਬਾਅਦ ਪਹਿਲੀ ਵਾਰ ਵਿਜੀਲੈਂਸ ਅੱਗੇ ਪੇਸ਼ ਹੋਏ ਸਨ।
ਦੱਸ ਦਈਏ ਕਿ ਵਿਜੀਲੈਂਸ ਵੱਲੋਂ ਮਾਮਲੇ ਦੀ ਜਾਂਚ ਦੌਰਾਨ ਸਤਵਿੰਦਰ ਸਿੰਘ ਕੰਗ ਬੀ.ਡੀ.ਪੀ.ਓ ਸਿੱਧਵਾਂ ਬੇਟ ਬਲਾਕ ਲੁਧਿਆਣਾ, ਲਖਵਿੰਦਰ ਸਿੰਘ ਚੇਅਰਮੈਨ ਬਲਾਕ ਸਮਿਤੀ ਸਿੱਧਵਾਂ ਬੇਟ ਅਤੇ ਵੀ.ਡੀ.ਓ (ਪਿੰਡ ਵਿਕਾਸ ਅਫ਼ਸਰ) ਤੇਜਾ ਸਿੰਘ ਸਿੱਧਵਾਂ ਬੇਟ ਤੇਜਾ ਸਿੰਘ ਸਿੱਧਵਾਂ ਬੇਟ ਦਾ ਨਾਮ ਆਇਆ ਸੀ।
ਜਦੋਂ ਹਰਪ੍ਰੀਤ ਸਿੰਘ ਨੂੰ ਫੜ ਕੇ ਪੁੱਛਗਿੱਛ ਕੀਤੀ ਗਈ ਤਾਂ ਕੈਪਟਨ ਸੰਦੀਪ ਸੰਧੂ ਦਾ ਨਾਂ ਸਾਹਮਣੇ ਆਇਆ। ਸੰਧੂ ’ਤੇ ਦੋਸ਼ ਹਨ ਕਿ ਉਸ ਨੇ ਜ਼ਬਰਦਸਤੀ ਚੈੱਕ ਪਾਸ ਕਰਵਾ ਕੇ ਪੈਸੇ ਲੈ ਲਏ। ਇਸ ਲਈ ਹੁਣ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੈਪਟਨ ਸੰਧੂ ਨੇ ਓਐਸਡੀ ਹੁੰਦਿਆਂ ਕਿੱਥੇ ਜਾਇਦਾਦਾਂ ਬਣਾਈਆਂ ਅਤੇ ਕਾਂਗਰਸ ਦੇ ਇੰਚਾਰਜ ਹੁੰਦਿਆਂ ਕਿੱਥੇ ਨਿਵੇਸ਼ ਕੀਤਾ। ਇਸ ਤੋਂ ਇਲਾਵਾ ਉਸ ਦੇ ਬੈਂਕ ਖਾਤਿਆਂ ਅਤੇ ਲਾਕਰਾਂ ਦੇ ਸਾਰੇ ਵੇਰਵੇ ਵੀ ਮੰਗੇ ਗਏ ਹਨ। ਅੱਜ ਕੈਪਟਨ ਸੰਦੀਪ ਸੰਧੂ, ਗੌਰਵ ਅਤੇ ਹਰਪ੍ਰੀਤ ਨੂੰ ਲਾਈਟ ਘੁਟਾਲੇ ਮਾਮਲੇ ਦੀ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਹੈ।