ਅੰਮ੍ਰਿਤਸਰ : ਇੱਕ ਅਪਾਹਜ ਸਿੱਖ ਨੌਜਵਾਨ ਵੀਲ ਚੇਅਰ ਤੇ ਯੂਪੀ ਦੇ ਉੱਤਰਾਖੰਡ ਦੇ ਬਾਜਪੁਰ ਤੋਂ 14 ਦਿਨ ਦੀ ਯਾਤਰਾ ਕਰਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਦਰਸ਼ਨ ਕਰਨ ਦੇ ਲਈ ਪੁੱਜਾ। ਇਸ ਆਪਾਹਿਜ ਸਿੱਖ ਨੌਜਵਾਨ ਵਲੋਂ ਇਹ ਸਾਰਾ ਸਫਰ ਇੱਕ ਵੀਲ ਚੇਅਰ ਤੇ ਹੀ ਤੈਅ ਕੀਤਾ ਗਿਆ। ਸ਼੍ਰੀ ਦਰਬਾਰ ਸਾਹਿਬ ਪਹੁੰਚਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ 21 ਮਾਰਚ ਨੂੰ ਯੂਪੀ ਦੇ ਉੱਤਰਾਖੰਡ ਤੋਂ ਚੱਲਿਆ ਸਾਂ ਤੇ ਅੱਜ ਵਾਹਿਗੁਰੂ ਦੇ ਦਰਸ਼ਨ ਕਰਨ ਦੇ ਲਈ ਅੰਮ੍ਰਿਤਸਰ ਗੁਰੂ ਘਰ ਵਿੱਚ ਪੁੱਜਾ ਹੈ। ਉਸ ਨੇ ਦੱਸਿਆ ਕਿ ਇੱਥੇ ਆ ਕੇ ਉਸ ਦੇ ਮਨ ਨੂੰ ਬਹੁਤ ਖੁਸ਼ੀ ਮਿਲੀ। ਉਸ ਨੇ ਕਿਹਾ ਕਿ ਜਦੋਂ ਮੈਂ ਘਰੋਂ ਚੱਲਿਆ ਸਾਂ ਤੇ ਪਹਿਲੀ ਵਾਰ ਇਨਾ ਲੰਮਾ ਸਫਰ ਤੈਅ ਕੀਤਾ ਤੇ ਮਨ ਵਿੱਚ ਸੋਚਿਆ ਸੀ ਕਿ ਵਾਹਿਗੁਰੂ ਦੇ ਦਰਸ਼ਨ ਕਰਕੇ ਆਉਣੇ ਹਨ। ਉਸਨੇ ਦੱਸਿਆ ਕਿ ਰਸਤੇ ਵਿੱਚ ਕਈ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪਿਆ। ਰਸਤੇ ਵਿੱਚ ਜਦੋਂ ਪੁੱਲ ਆਉਂਦੇ ਸਨ ਤੇ ਚੜ੍ਹਾਈ ਚੜ੍ਹਨ ਵਿੱਚ ਬਹੁਤ ਮੁਸ਼ਕਿਲ ਆਉਂਦੀ ਸੀ। ਜਿੱਥੇ ਵੀ ਮੈਨੂੰ ਰਾਤ ਹੁੰਦੀ ਤਾਂ ਮੈਂ ਗੁਰਦੁਆਰਿਆਂ ਵਿੱਚ ਠਹਿਰਦਾ ਸੀ, ਉਥੋਂ ਦੇ ਪਾਠੀ ਸਿੰਘਾਂ ਨੇ ਵੀ ਮੇਰਾ ਬੜਾ ਮਾਨ ਸਤਿਕਾਰ ਕੀਤਾ। ਉਸ ਨੇ ਕਿਹਾ ਕਿ ਅੱਜ ਗੁਰੂ ਘਰ ਵਿੱਚ ਪੁੱਜਾ ਹਾਂ ਤੇ ਸਭ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹਾਂ। ਵਾਹਿਗੁਰੂ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ। ਉਸਨੇ ਦੱਸਿਆ ਕਿ ਮੈਂ ਇਕੱਲਾ ਹੀ ਆਪਣੇ ਘਰ ਤੋਂ ਗੁਰੂ ਘਰ ਤੱਕ ਦਾ ਸਫਰ ਤੈਅ ਕੀਤਾ।