ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਲੋਕ ਸਭਾ ਵਿੱਚ ਭਾਜਪਾ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਅੱਜ ਲੋਕ ਸਭਾ ਭਵਨ ਦੇ ਬਾਹਰ ਵੜਿੰਗ ਸਮੇਤ ਪਟਿਆਲਾ ਤੋਂ ਸੰਸਦ ਮੈਂਬਰ ਧਰਮਵੀਰ ਗਾਂਧੀ, ਗੁਰਦਾਸਪੁਰ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਸ੍ਰੀ ਫਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ: ਅਮਰ ਸਿੰਘ ਅਤੇ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਲੋਕ ਸਭਾ ਦੇ ਬਾਹਰ ਖੜ੍ਹੇ ਹੋ ਕੇ ਅਤੇ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰਾਜਾ ਵੜਿੰਗ ਨੇ ਭਾਜਪਾ ਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਭਾਜਪਾ ਪੰਜਾਬ ਵਿੱਚੋਂ ਫ਼ਸਲਾਂ ਦੀ ਖ਼ਰੀਦ ਵਿੱਚ ਦੇਰੀ ਕਰ ਰਹੀ ਹੈ। ਇਸ ਦੌਰਾਨ ਰਾਜਾ ਵੜਿੰਗ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ‘ਤੇ ਵੀ ਨਿਸ਼ਾਨਾ ਸਾਧਿਆ।
ਵੜਿੰਗ ਨੇ ਕਿਹਾ ਕਿ ਪ੍ਰਿਅੰਕਾ ਗਾਂਧੀ ਦੇਸ਼ ਅਤੇ ਦੇਸ਼ ਦੇ ਲੋਕਾਂ ਲਈ ਆਪਣੀ ਆਵਾਜ਼ ਉਠਾਉਂਦੀ ਰਹੀ ਹੈ। ਦੇਸ਼ ਦੇ ਲੋਕਾਂ ਵਿੱਚ ਮੰਗ ਸੀ ਕਿ ਪ੍ਰਿਅੰਕਾ ਨੂੰ ਰਾਜਨੀਤੀ ਵਿੱਚ ਆਉਣਾ ਚਾਹੀਦਾ ਹੈ। ਜਿੱਥੋਂ ਤੱਕ ਰਵਨੀਤ ਸਿੰਘ ਬਿੱਟੂ ਦਾ ਸਵਾਲ ਹੈ, ਬਿੱਟੂ ਖੁਦ ਤਿੰਨ ਵਾਰ ਕਾਂਗਰਸ ਦੇ ਸੰਸਦ ਮੈਂਬਰ ਰਹਿ ਚੁੱਕੇ ਹਨ। ਉਨ੍ਹਾਂ ਦੇ ਦਾਦਾ ਬੇਅੰਤ ਸਿੰਘ ਮੁੱਖ ਮੰਤਰੀ ਰਹਿ ਚੁੱਕੇ ਹਨ। ਉਨ੍ਹਾਂ ਦੇ ਭਰਾ ਨੂੰ ਕਾਂਗਰਸ ਪਾਰਟੀ ਨੇ ਮੰਤਰੀ ਅਤੇ ਵਿਧਾਇਕ ਬਣਾਇਆ ਸੀ।
ਬਿੱਟੂ ਦਾ ਤਾਇਆ ਮੰਤਰੀ ਰਹਿ ਚੁੱਕਾ ਹੈ। ਉਨ੍ਹਾਂ ਦੀ ਭੂਆ ਮੰਤਰੀ ਰਹਿ ਚੁੱਕੀ ਹੈ। ਬਿੱਟੂ ਨੇ ਆਪਣੇ ਭਰਾ ਨੂੰ ਕਾਂਗਰਸ ਦੀ ਸਰਕਾਰ ਰਹਿੰਦਿਆਂ ਪੁਲਿਸ ਵਿੱਚ DSP ਭਰਤੀ ਕਰਵਾਇਆ ਸੀ। ਜੇਕਰ ਬਿੱਟੂ ਪਰਿਵਾਰਵਾਦ ਦੀ ਗੱਲ ਕਰੇਗਾ ਤਾਂ ਲੋਕ ਪਹਿਲਾਂ ਉਸ ਨੂੰ ਇਹ ਸਵਾਲ ਪੁੱਛਣਗੇ। ਵੜਿੰਗ ਨੇ ਕਿਹਾ ਕਿ ਮੈਂ ਅਜਿਹਾ ਨਹੀਂ ਕਹਿਣਾ ਚਾਹੁੰਦਾ ਕਿ ਬਿੱਟੂ ਦੇ ਭਰਾ ਵਿੱਚ ਕੋਈ ਯੋਗਤਾ ਨਹੀਂ ਸੀ ਕਿ ਉਹ DSP ਲੱਗਿਆ। ਇਸ ਕਾਰਨ ਬਿੱਟੂ ਵੱਲੋਂ ਪਰਿਵਾਰਵਾਦ ਦੀ ਗੱਲ ਕਰਨੀ ਮੁਨਾਸਿਬ ਨਹੀਂ ਦਿੰਦੀ।
ਸੋਨੀਆ ਗਾਂਧੀ ਨੇ ਦੇਸ਼ ਲਈ ਕੁਰਬਾਨੀ ਦਿੱਤੀ ਹੈ। ਦੇਸ਼ ਲਈ ਉਨ੍ਹਾਂ ਨੇ ਸਰਦਾਰ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਇਆ। ਸੋਨੀਆ ਗਾਂਧੀ ਨੇ ਪਿਛਲੇ 40 ਸਾਲ ਵਿਧਵਾ ਦੇ ਰੂਪ ਵਿੱਚ ਬਿਤਾਏ ਹਨ। ਕਦੇ ਬਿੱਟੂ ਸੋਨੀਆ ਗਾਂਧੀ ਦੇ ਪੈਰ ਛੂਹ ਕੇ ਕਹਿੰਦਾ ਸੀ ਕਿ ਮੈਡਮ ਮੇਰੇ ਖੂਨ ਦੀ ਹਰ ਬੂੰਦ ਤੁਹਾਡੇ ਲਈ ਹੈ। ਵੜਿੰਗ ਨੇ ਕਿਹਾ ਕਿ ਅੱਜ ਬਿੱਟੂ ਗਾਂਧੀ ਪਰਿਵਾਰ ‘ਤੇ ਨਿੱਜੀ ਟਿੱਪਣੀਆਂ ਕਰਕੇ ਭਾਜਪਾ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਬਿੱਟੂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਨਿੱਜੀ ਟਿੱਪਣੀਆਂ ਕਰਨ ਦੀ ਬਜਾਏ ਆਪਣੇ ਕੰਮ ਦਾ ਪ੍ਰਦਰਸ਼ਨ ਕਰਨ। ਜੇਕਰ ਕੇਂਦਰ ਵਿੱਚ ਰੇਲ ਰਾਜ ਮੰਤਰੀ ਹੈ ਤਾਂ ਉਸ ਨੂੰ ਪੰਜਾਬ ਅਤੇ ਦੇਸ਼ ਲਈ ਚੰਗੀਆਂ ਸਕੀਮਾਂ ਲਿਆਉਣੀਆਂ ਚਾਹੀਦੀਆਂ ਹਨ।