ਰਾਹੁਲ ਗਾਂਧੀ ਕੋਲ ਨਹੀਂ ਹੈ ਕੋਈ ਵਾਹਨ ਤੇ ਰਿਹਾਇਸ਼ੀ ਫਲੈਟ
ਲੋਕ ਸਭਾ ਚੋਣਾਂ 2024 ਵਿੱਚ ਕਾਂਗਰਸੀ ਨੇਤਾ ਰਾਹੁਲ ਗਾਂਧੀ ਕੇਰਲ ਦੇ ਵਾਇਨਾਡ ਲੋਕ ਸਭਾ ਹਲਕੇ ਤੋਂ ਫਿਰ ਤੋਂ ਚੋਣ ਲੜਨ ਜਾ ਰਹੇ ਹਨ। ਇਸ ਸੰਬੰਧ ਵਿੱਚ ਰਾਹੁਲ ਗਾਂਧੀ ਨੇ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਉਹ 26 ਅਪ੍ਰੈਲ ਨੂੰ ਵਾਇਨਾਡ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਸੀਪੀਆਈ ਨੇਤਾ ਐਨੀ ਰਾਜਾ ਅਤੇ ਪ੍ਰਦੇਸ਼ ਭਾਜਪਾ ਪ੍ਰਧਾਨ ਕੇ ਸੁਰੇਂਦਰਨ ਦਾ ਸਾਹਮਣਾ ਕਰਨਗੇ। ਤੁਹਾਨੂੰ ਦੱਸ ਦੇਈਏ ਕਿ ਸਾਲ 2019 ਵਿੱਚ ਵੀ ਰਾਹੁਲ ਗਾਂਧੀ ਨੇ ਕੇਰਲ ਦੀ ਵਾਇਨਾਡ ਸੀਟ ਤੋਂ ਜਿੱਤ ਹਾਸਲ ਕੀਤੀ ਸੀ। ਇਕ ਵਾਰ ਫਿਰ ਉਹ ਇਸ ਸੀਟ ਤੋਂ ਚੋਣ ਲੜਨ ਜਾ ਰਹੇ ਹਨ। ਰਾਹੁਲ ਗਾਂਧੀ ਨੇ ਨਾਮਜ਼ਦਗੀ ਪੱਤਰ ਭਰਨ ਸਮੇਂ ਦਿੱਤੇ ਗਏ ਹਲਫਨਾਮੇ ਮੁਤਾਬਕ ਰਾਹੁਲ ਗਾਂਧੀ 20 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਹਨ। ਪਰ ਉਸ ਕੋਲ ਕੋਈ ਵਾਹਨ ਜਾਂ ਰਿਹਾਇਸ਼ੀ ਫਲੈਟ ਨਹੀਂ ਹੈ। ਚੋਣ ਹਲਫਨਾਮੇ ‘ਚ ਰਾਹੁਲ ਗਾਂਧੀ ਨੇ ਕਰੀਬ 9.24 ਕਰੋੜ ਰੁਪਏ ਦੀ ਚੱਲ ਜਾਇਦਾਦ ਦੱਸੀ ਹੈ। ਇਸ ‘ਚ 55,000 ਰੁਪਏ ਨਕਦ, 26.25 ਲੱਖ ਰੁਪਏ ਬੈਂਕ ਵਿੱਚ ਨੇ, 4.33 ਕਰੋੜ ਰੁਪਏ ਦੇ ਬਾਂਡ ਅਤੇ ਸ਼ੇਅਰ, 3.81 ਕਰੋੜ ਰੁਪਏ ਦੇ ਮਿਊਚਲ ਫੰਡ, 15.21 ਲੱਖ ਰੁਪਏ ਦੇ ਗੋਲਡ ਬਾਂਡ ਅਤੇ 4.20 ਲੱਖ ਰੁਪਏ ਦੇ ਗਹਿਣੇ ਸ਼ਾਮਲ ਹਨ।
ਰਾਹੁਲ ਗਾਂਧੀ ਖ਼ਿਲਾਫ਼ ਦਰਜ ਹੋਰ ਕੇਸਾਂ ਵਿੱਚ ਭਾਜਪਾ ਆਗੂਆਂ ਵੱਲੋਂ ਮਾਣਹਾਨੀ ਦੀਆਂ ਸ਼ਿਕਾਇਤਾਂ ਸ਼ਾਮਲ ਹਨ। ਆਪਣੇ ਹਲਫ਼ਨਾਮੇ ਵਿੱਚ ਉਸ ਨੇ ਐਸੋਸੀਏਟਿਡ ਜਰਨਲਜ਼ ਲਿਮਟਿਡ ਨਾਲ ਸਬੰਧਤ ਅਪਰਾਧਿਕ ਸਾਜ਼ਿਸ਼ ਕੇਸ ਦਾ ਵੀ ਜ਼ਿਕਰ ਕੀਤਾ ਹੈ। ਰਾਹੁਲ ਨੇ ਦੱਸਿਆ ਕਿ ਦਿੱਲੀ ਹਾਈ ਕੋਰਟ ਦੀਆਂ ਹਦਾਇਤਾਂ ਅਨੁਸਾਰ ਐਫਆਈਆਰ ਸੀਲਬੰਦ ਲਿਫ਼ਾਫ਼ੇ ਵਿੱਚ ਹੈ।