ਸਵਾਇਨ ਫਲੂ ਦੇ ਟੈਸਟ ਅਤੇ ਦਵਾਈਆਂ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਉਪਲੱਬਧ ਹਨ : ਸਿਵਲ ਸਰਜਨ ਡਾ. ਪ੍ਰਦੀਪ ਮਹਿੰਦਰਾ
ਲੁਧਿਆਣਾ, 11 ਸਤੰਬਰ : ਲੁਧਿਆਣਾ ਵਿੱਚ ਸਵਾਈਨ ਫਲੂ ਦੇ ਕੇਸਾਂ ਦੀ ਅਸਾਧਾਰਨ ਸ਼ੁਰੂਆਤੀ ਆਮਦ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਹੈਰਾਨ ਕਰ ਦਿੱਤਾ ਹੈ। ਸਵਾਈਨ ਫਲੂ ਦੇ ਕੇਸ ਆਮ ਤੌਰ ‘ਤੇ ਸਰਦੀਆਂ ਦੌਰਾਨ ਪਾਏ ਜਾਂਦੇ ਹਨ, ਪਰ ਇਸ ਸਾਲ ਦੇ ਸ਼ੁਰੂ ਵਿਚ ਫਲੂ ਨੇ ਦਰਵਾਜ਼ਾ ਖੜਕਾਇਆ ਹੈ। ਸਰਕਾਰੀ ਅੰਕੜਿਆਂ ਅਨੁਸਾਰ ਇਸ ਸੀਜ਼ਨ ਦੌਰਾਨ ਹੁਣ ਤੱਕ ਲੁਧਿਆਣਾ ਵਿੱਚ ਸਵਾਈਨ ਫਲੂ ਦੇ 16 ਮਰੀਜ਼ ਸਾਹਮਣੇ ਆ ਚੁੱਕੇ ਹਨ। ਦੋ ਮੌਤਾਂ ਦੀ ਵੀ ਖ਼ਬਰ ਹੈ।
ਅੱਜ ਇਸ ਸੰਬੰਧ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ ਸਾਕਸ਼ੀ ਸਾਹਨੀ ਵੱਲੋਂ ਸੰਭਾਵੀ ਸਵਾਈਨ ਫਲੂ ਤੋਂ ਬਚਾਅ ਅਤੇ ਇਸ ਦੀ ਰੋਕਥਾਮ ਸਬੰਧੀ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਵਰਚੂਅਲ ਮੀਟਿੰਗ ਦੀ ਪ੍ਰਧਾਨਗੀ ਕੀਤੀ।ਵੀਡੀਓ ਕਾਨਫਰੰਸ (ਵੀ.ਸੀ.) ਦੌਰਾਨ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ, ਸਿਵਲ ਸਰਜਨ ਡਾ. ਪ੍ਰਦੀਪ ਮਹਿੰਦਰਾ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਸਾਰੇ ਹਸਪਤਾਲਾਂ ਵਿੱਚ ਫਲੂ ਕਾਰਨਰ ਅਤੇ ਵਿਸ਼ੇਸ਼ ਵਾਰਡ ਸਥਾਪਤ ਕਰਨ ‘ਤੇ ਜ਼ੋਰ ਦਿੱਤਾ ਤਾਂ ਜੋ ਸੰਭਾਵੀ ਸਵਾਈਨ ਫਲੂ ਦੀ ਚਪੇਟ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀ ਔਕੜ ਨਾ ਆਵੇ ਅਤੇ ਫੌਰੀ ਤੌਰ ‘ਤੇ ਸਿਹਤ ਸਹੂਲਤਾਂ ਦਾ ਲਾਭ ਮਿਲ ਸਕੇ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਕਿ ਆਸ਼ਾ ਵਰਕਰਾਂ ਰਾਹੀਂ ਘਰ-ਘਰ ਲੋਕਾਂ ਨੂੰ ਸਫਾਈਨ ਫਲੂ ਤੋਂ ਬਚਾਅ ਸਬੰਧੀ ਜਾਗਰੂਕ ਕਰਨ। ਇਸ ਤੋਂ ਇਲਾਵਾ ਆਮ ਆਦਮੀ ਕਲੀਨਿਕਾਂ, ਵੱਖ-ਵੱਖ ਪਿੰਡਾਂ ਵਿੱਚ ਸਥਾਪਿਤ ਡਿਸਪੈਂਸਰੀਆਂ ਅਤੇ ਹੋਰ ਸਿਹਤ ਸੰਸਥਾਵਾਂ ਵਿੱਚ ਵੀ ਜਾਗਰੂਕਤਾ ਅਭਿਆਨ ਚਲਾਉਣ ਲਈ ਕਿਹਾ।
ਸਿਵਲ ਸਰਜਨ ਲੁਧਿਆਣਾ ਡਾ. ਪ੍ਰਦੀਪ ਮਹਿੰਦਰਾ ਵੱਲੋਂ ਸਵਾਈਨ ਫਲੂ ਦੇ ਸਬੰਧ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਵਾਇਨ ਫਲੂ (H1 N1)ਨਾਮ ਦੇ ਵਾਇਰਸ ਰਾਹੀਂ ਹੁੰਦਾ ਹੈ ਜੋ ਕਿ ਇਕ ਤੋਂ ਦੂਜੇ ਮਨੁੱਖ ਵਿੱਚ ਸਾਹ ਰਾਹੀਂ ਫੈਲਦਾ ਹੈ। ਉਨ੍ਹਾਂ ਦੱਸਿਆ ਕਿ H1 N1 ਦੇ ਲੱਛਣ ਨਿਯਮਤ ਫਲੂ ਦੇ ਲੱਛਣਾਂ ਦੀ ਨਕਲ ਕਰਦੇ ਹਨ ਜਿਵੇਂ ਕਿ ਬੁਖਾਰ, ਗਲੇ ਵਿੱਚ ਖਰਾਸ਼, ਠੰਢ ਲੱਗਣਾ, ਦਸਤ, ਉਲਟੀਆਂ ਅਤੇ ਕੁੱਝ ਮਾਮਲਿਆਂ ਵਿੱਚ ਹਸਪਤਾਲ ਵਿੱਚ ਭਰਤੀ ਦੀ ਲੋੜ ਹੋ ਸਕਦੀ ਹੈ।
ਸਿਵਲ ਸਰਜਨ ਡਾ. ਮਹਿੰਦਰਾ ਵੱਲੋਂ ਦੱਸਿਆ ਗਿਆ ਕਿ ਤੇਜ਼ ਬੁਖਾਰ (101 ਤੋਂ ਉੱਤੇ), ਖਾਂਸੀ ਅਤੇ ਜ਼ੁਕਾਮ, ਸਾਹ ਲੈਣ ਵਿੱਚ ਤਕਲੀਫ, ਛਿੱਕਾਂ ਆਉਣੀਆਂ ਜਾਂ ਨੱਕ ਵਗਣਾ, ਗਲੇ ਵਿੱਚ ਦਰਦ, ਦਸਤ ਲੱਗਣਾ, ਸਰੀਰ ਟੁੱਟਦਾ ਮਹਿਸੂਸ ਹੋਣਾ ਆਦਿ ਸਵਾਈਨ ਫਲੂ ਦੇ ਲੱਛਣ ਹੋ ਸਕਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸਵਾਈਨ ਫਲੂ ਬਹੁਤ ਛੂਤਕਾਰੀ ਹੈ ਅਤੇ ਇਹ ਬਿਮਾਰੀ ਥੁੱਕ ਅਤੇ ਬਲਗ਼ਮ ਦੇ ਕਣਾਂ ਰਾਹੀਂ ਫੈਲਦੀ ਹੈ ਜਿਵੇਂ ਕਿ ਛਿੱਕ ਜਾਂ ਖੰਘ ਆਦਿ ਰਾਹੀਂ।
ਉਨ੍ਹਾਂ ਸਵਾਈਨ ਫਲੂ ਹੋਣ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਖੰਘਦੇ ਜਾਂ ਛਿੱਕਦੇ ਹੋਏ ਆਪਣਾ ਮੂੰਹ ਅਤੇ ਨੱਕ ਰੁਮਾਲ ਨਾਲ ਢੱਕ ਕੇ ਰੱਖਿਆ ਜਾਵੇ, ਆਪਣਾ ਨੱਕ, ਅੱਖਾਂ ਅਤੇ ਮੂੰਹ ਨੂੰ ਛੂਹਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਆਪਣੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਤੇ ਜਾਣ, ਭੀੜ ਵਾਲੀਆਂ ਥਾਂਵਾਂ ਤੇ ਜਾਣ ਤੋਂ ਗੁਰੇਜ਼ ਕੀਤਾ ਜਾਵੇ, ਖੰਘ, ਵਗਦੀ ਨੱਕ, ਛਿੱਕਾਂ ਅਤੇ ਬੁਖਾਰ ਨਾਲ ਪੀੜ੍ਹਤ ਵਿਅਕਤੀ ਤੋਂ ਦੂਰੀ ਬਣਾਕੇ ਰੱਖੀ ਜਾਵੇ ਅਤੇ ਵਧੇਰੇ ਮਾਤਰਾ ਵਿੱਚ ਪਾਣੀ ਪੀਤਾ ਜਾਵੇ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਸਵਾਇਨ ਫਲੂ ਸਬੰਧੀ ਲੱਛਣ ਹੁੰਦੇ ਹਨ ਤਾਂ ਭੀੜ ਵਾਲੀਆਂ ਥਾਵਾਂ ‘ਤੇ ਜਾਣ ਤੋ ਪਰਹੇਜ਼ ਕਰਨ ਅਤੇ ਮਾਸਕ ਦੀ ਵਰਤੋ ਕੀਤੀ ਜਾਵੇ। ਇਸ ਤੋਂ ਇਲਾਵਾ ਸਵਾਈਨ ਫਲੂ ਤੋਂ ਬਚਾਅ ਲਈ ਪ੍ਰਹੇਜ ਕਰਨਾ ਚਾਹੀਦਾ ਹੈ ਜਿਸ ਤਹਿਤ ਮਰੀਜ਼ ਨਾਲ ਹੱਥ ਮਿਲਾਉਣਾ, ਗਲ੍ਹੇ ਮਿਲਣਾ, ਚੁੰਮਣਾ ਜਾਂ ਕਿਸੇ ਤਰ੍ਹਾਂ ਦਾ ਸਰੀਰਕ ਸੰਪਰਕ ਕਰਨਾ, ਬਿਨ੍ਹਾਂ ਡਾਕਟਰੀ ਜਾਂਚ ਤੋਂ ਦਵਾਈ ਲੈਣਾ, ਬਾਹਰ ਅਤੇ ਖੁੱਲ੍ਹੇ ਵਿੱਚ ਥੁੱਕਣ ਤੋਂ ਗੁਰੇਜ਼ ਕਰਨਾ ਸ਼ਾਮਲ ਹਨ।ਸਿਵਲ ਸਰਜਨ ਡਾ. ਪ੍ਰਦੀਪ ਮੋਹਿੰਦਰਾ ਨੇ ਦੱਸਿਆ ਕਿ ਸਵਾਇਨ ਫਲੂ ਦੇ ਟੈਸਟ ਅਤੇ ਦਵਾਈਆਂ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਉਪਲੱਬਧ ਹਨ।