Saturday, December 21, 2024
spot_img

ਲੁਧਿਆਣਾ ਸ਼ਹਿਰ ਦੇ ਇਨ੍ਹਾਂ 9 ਵਾਰਡਾਂ ‘ਚ ਉਮੀਦਵਾਰਾਂ ਦੇ ਫਸਣਗੇ ਪੇਚ

Must read

ਲੁਧਿਆਣਾ ਦੇ 95 ਵਾਰਡਾਂ ‘ਚ ਅੱਜ ਨਗਰ ਨਿਗਮ ਚੋਣਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਹਨ। ਸਿਆਸੀ ਪਾਰਟੀਆਂ ਦੀਆਂ ਨਜ਼ਰਾਂ ਪੰਜਾਬ ਦੇ ਉਦਯੋਗਿਕ ਸ਼ਹਿਰ ਲੁਧਿਆਣਾ ‘ਤੇ ਟਿਕੀਆਂ ਹੋਈਆਂ ਹਨ। ਹਰ ਪਾਰਟੀ ਦਾਅਵਾ ਕਰ ਰਹੀ ਹੈ ਕਿ ਉਹ ਲੁਧਿਆਣਾ ਵਿੱਚ ਆਪਣਾ ਮੇਅਰ ਬਣਾਏਗੀ।

ਕੁੱਝ ਦਿਨ ਪਹਿਲਾਂ CM ਮਾਨ ਸਣੇ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਲੁਧਿਆਣਾ ਨਿਗਮ ਚੋਣਾਂ ਲਈ ਡਟ ਕੇ ਚੋਣ ਪ੍ਰਚਾਰ ਕੀਤਾ। ਸ਼ੁੱਕਰਵਾਰ ਸ਼ਾਮ ਜ਼ਮਾਨਤ ‘ਤੇ ਰਿਹਾਅ ਹੋਏ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਆਉਣ ਮਗਰੋਂ ਲੁਧਿਆਣੇ ਦੀਆਂ ਚੋਣਾਂ ਹੋਰ ਦਿਲਚਸਪ ਹੋ ਗਈਆਂ ਹਨ।

ਲੁਧਿਆਣਾ ਦੇ 9 ਵਾਰਡ ਅਜਿਹੇ ਹਨ ਜਿੱਥੇ ਉਮੀਦਵਾਰਾਂ ਦੇ ਪੇਚ ਫਸਣਗੇ। ਇਸ ਵਾਰ ਸਾਬਕਾ ਮੰਤਰੀ ਦੀ ਪਤਨੀ ਦੇ ਨਾਲ-ਨਾਲ ‘ਆਪ’ ਵਿਧਾਇਕਾਂ ਦੀਆਂ ਪਤਨੀਆਂ, ਪੁੱਤਰ ਤੇ ਭਰਾ ਵੀ ਚੋਣ ਮੈਦਾਨ ਵਿੱਚ ਡਟੇ ਹੋਏ ਹਨ। ਆਪਣੇ ਪਰਿਵਾਰਕ ਮੈਂਬਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਸਾਰੇ ਹੀ ਵਿਧਾਇਕ ਪੂਰੀ ਕੋਸ਼ਿਸ਼ ਕਰ ਹਨ। ਲੁਧਿਆਣਾ ਸ਼ਹਿਰ ਦੇ 9 ਵਾਰਡਾਂ ਵਿੱਚ ਜਾਣੇ-ਪਛਾਣੇ ਚਿਹਰੇ ਚੋਣ ਲੜ ਰਹੇ ਹਨ। ਵਾਰਡ 60 ਤੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਚੋਣ ਮੈਦਾਨ ਵਿੱਚ ਹਨ। ਇਸ ਵਾਰ ਉਨ੍ਹਾਂ ਦਾ ਵਾਰਡ ਬਦਲਿਆ ਗਿਆ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਅਕਾਲੀ ਦਲ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਵੀ ਇਸੇ ਵਾਰਡ ਤੋਂ ਲੜ ਰਹੇ ਹਨ ਤੇ ਅਕਾਲੀ ਦਲ ਦਾ ਨੌਜਵਾਨ ਚਿਹਰਾ ਗੁਰਪ੍ਰੀਤ ਸਿੰਘ ਬੱਬਲ ਜੋ ਕੁਝ ਸਮਾਂ ਪਹਿਲਾਂ ‘ਆਪ’ ਵਿੱਚ ਸ਼ਾਮਲ ਹੋਇਆ ਸੀ, ਉਹ ਵੀ ‘ਆਪ’ ਵੱਲੋਂ ਇਸੇ ਵਾਰਡ ’ਚ ਚੋਣ ਲੜ ਰਿਹਾ ਹੈ।

ਵਾਰਡ 69 ਵਿੱਚ ਕਾਂਗਰਸ ਨੇ ਆਸ਼ੂ ਦੇ ਕਰੀਬੀ ਸੰਨੀ ਭੱਲਾ ਦੀ ਪਤਨੀ ਦੀਪਿਕਾ ਸੰਨੀ ਭੱਲਾ ਨੂੰ ਮੈਦਾਨ ਵਿੱਚ ਉਤਾਰਿਆ ਹੈ। ਉਹ ਪਹਿਲਾਂ ਕੌਂਸਲਰ ਰਹਿ ਚੁੱਕੇ ਹਨ ਅਤੇ ਉਸ ਤੋਂ ਬਾਅਦ ਸੰਨੀ ਭੱਲਾ ਵੀ ਕੌਂਸਲਰ ਰਹਿ ਚੁੱਕੇ ਹਨ। ਭਾਜਪਾ ਨੇ ਉਨ੍ਹਾਂ ਖ਼ਿਲਾਫ਼ ਮਾਲਾ ਢਾਂਡਾ ਨੂੰ ਮੈਦਾਨ ’ਚ ਉਤਾਰਿਆ ਹੈ। ਵਾਰਡ 14 ਵਿੱਚ ‘ਆਪ’ ਵੱਲੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਦੇ ਚਚੇਰੇ ਭਰਾ ਸੁਖਮੇਲ ਗਰੇਵਾਲ ਚੋਣ ਮੈਦਾਨ ਵਿੱਚ ਹਨ, ਜਦਕਿ ਕਾਂਗਰਸ ਨੇ ਮੁਕਾਬਲੇ ਵਿੱਚ ਨੌਜਵਾਨ ਚਿਹਰਾ ਗੁਰਿੰਦਰ ਸਿੰਘ ਰੰਧਾਵਾ ਨੂੰ ਟਿਕਟ ਦਿੱਤੀ ਹੈ। ਨਵਲ ਕਿਸ਼ੋਰ ਜੈਨ ਅਕਾਲੀ ਦਲ ਵੱਲੋਂ ਚੋਣ ਲੜ ਰਹੇ ਹਨ।

‘ਆਪ’ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਦੀ ਪਤਨੀ ਮੀਨੂੰ ਪਰਾਸ਼ਰ ਵਾਰਡ 77 ਤੋਂ ਪਹਿਲੀ ਵਾਰ ਚੋਣ ਲੜ ਰਹੀ ਹੈ। ਇੱਥੇ ਕਾਂਗਰਸ ਦੇ ਸਾਬਕਾ ਕੌਂਸਲਰ ਗੁਰਪ੍ਰੀਤ ਸਿੰਘ ਖੁਰਾਣਾ ਦੀ ਮਾਤਾ ਪ੍ਰਭਜੋਤ ਖੁਰਾਣਾ ਅਤੇ BJP ਦੇ ਸਾਬਕਾ ਕੌਂਸਲਰ ਓਪੀ ਰਤਨਾ ਦੀ ਪਤਨੀ ਸਾਬਕਾ ਕੌਂਸਲਰ ਪੂਨਮ ਰਤਨਾ ਵੀ ਚੋਣ ਲੜ ਰਹੇ ਹਨ। ਉੱਥੇ ਹੀ ਜੇਕਰ ਗੱਲ ਕਰੀਏ ਵਾਰਡ ਨੰਬਰ 90 ਦੀ ਤਾਂ ਉੱਥੇ ਅਸ਼ੋਕ ਪਰਾਸ਼ਰ ਪੱਪੀ ਦਾ ਭਰਾ ਰਾਕੇਸ਼ ਪਰਾਸ਼ਰ ਛੇਵੀਂ ਵਾਰ ਚੋਣ ਮੈਦਾਨ ਵਿੱਚ ਹਨ। ਪਹਿਲਾਂ ਉਹ ਕਾਂਗਰਸ ਵੱਲੋਂ ਖੜ੍ਹਦੇ ਸਨ ਤੇ ਹੁਣ ‘ਆਪ’ ਵੱਲੋਂ ਚੋਣ ਲੜ ਰਹੇ ਹਨ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਨੇ ਰਾਮ ਮੋਹਨ ਬਹਿਲ ਤੇ ਭਾਜਪਾ ਨੇ ਜਤਿੰਦਰਪਾਲ ਸਿੰਘ ਬੇਦੀ ਨਾਲ ਹੈ।

ਇਸ ਤੋਂ ਇਲਾਵਾ ‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਦੀ ਪਤਨੀ ਸੁਖਚੈਨ ਕੌਰ ਬੱਸੀ ਵਾਰਡ 61 ਤੋਂ ਚੋਣ ਮੈਦਾਨ ਵਿੱਚ ਹਨ। ਉਹ ਪਹਿਲਾਂ ਵੀ ਇਸੇ ਵਾਰਡ ਤੋਂ ਚੋਣ ਲੜ ਚੁੱਕੀ ਹੈ ਤੇ ਗੋਗੀ ਚਾਰ ਵਾਰ ਇਸੇ ਵਾਰਡ ਤੋਂ ਕੌਂਸਲਰ ਰਹਿ ਚੁੱਕੇ ਹਨ। ਵਿਧਾਇਕ ਗੁਰਪ੍ਰੀਤ ਗੋਗੀ ਪਹਿਲਾਂ ਆਸ਼ੂ ਦੇ ਖਾਸ ਸਨ ਪਰ ਪਿਛਲੀ ਸਰਕਾਰ ਦੌਰਾਨ ਦੂਰੀ ਬਣ ਗਈ ਤੇ ਗੋਗੀ ‘ਆਪ’ ਵਿੱਚ ਆ ਗਏ। ਸੁਖਚੈਨ ਕੌਰ ਦਾ ਮੁਕਾਬਲਾ ਕਾਂਗਰਸ ਦੇ ਆਸ਼ੂ ਦੇ ਪੀਏ ਇੰਦਰਜੀਤ ਸਿੰਘ ਇੰਦੀ ਦੀ ਪਤਨੀ ਪਰਮਿੰਦਰ ਕੌਰ ਨਾਲ ਹੈ ਜਦਕਿ ਭਾਜਪਾ ਨੇ ਸ਼ਿਵਾਨੀ ਖੁਸ਼ਾਗਰ ਤੇ ਅਕਾਲੀ ਦਲ ਨੇ ਅਚਲਾ ਭਨੋਟ ਨੂੰ ਟਿਕਟ ਦਿੱਤੀ ਹੈ। ਵਾਰਡ 50 ਵਿੱਚ ਆਤਮਾ ਨਗਰ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਸਿੱਧੂ ਦਾ ਪੁੱਤਰ ਯੁਵਰਾਜ ਸਿੰਘ ਸਿੱਧੂ ਚੋਣ ਮੈਦਾਨ ਵਿੱਚ ਹੈ। ਇਥੇ ਕਾਂਗਰਸ ਨੇ ਬੈਂਸ ਦੇ ਕਰੀਬੀ ਪਾਰਿਕ ਸ਼ਰਮਾ ਨੂੰ ਖੜ੍ਹਾਇਆ ਹੈ ਤੇ ਭਾਜਪਾ ਨੇ ਪੁਰਾਣੇ ਵਰਕਰ ਰਾਕੇਸ਼ ਚੰਦਰ ਨੂੰ ਮੈਦਾਨ ਵਿੱਚ ਉਤਾਰਿਆ ਹੈ।

ਇਸ ਦੇ ਨਾਲ ਹੀ ‘ਆਪ’ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਦਾ ਪੁੱਤਰ ਅਮਨ ਬੱਗਾ ਵਾਰਡ ਨੰਬਰ 94 ਤੋਂ ਚੋਣ ਲੜ੍ਹ ਰਿਹਾ ਹੈ। ਜਿਸ ਦੇ ਵਿਰੋਧ ਵਿੱਚ ਕਾਂਗਰਸ ਨੇ ਰੇਸ਼ਮ ਨੱਤ ਨੂੰ ਮੈਦਾਨ ‘ਚ ਉਤਾਰਿਆ ਗਿਆ ਹੈ। ਦੋਵਾਂ ਵਿੱਚ ਪਹਿਲਾਂ ਵੀ ਕਈ ਵਾਰ ਬਹਿਸਬਾਜ਼ੀ ਹੋ ਚੁੱਕੀ ਹੈ। ਭਾਜਪਾ ਵੱਲੋਂ ਅਮਿਤ ਸ਼ਰਮਾ ਤੇ ਅਕਾਲੀ ਦਲ ਵੱਲੋਂ ਸੁਰਿੰਦਰ ਸਿੰਘ ਚੋਣ ਲੜ ਰਹੇ ਹਨ।

ਇਸ ਤੋਂ ਇਲਾਵਾ ਲੁਧਿਆਣਾ ਦੇ ਵਾਰਡ 84 ਵਿੱਚ ਸਾਬਕਾ ਸੀਨੀਅਰ ਡਿਪਟੀ ਮੇਅਰ ਸ਼ਿਆਮ ਸੁੰਦਰ ਮਲਹੋਤਰਾ ਕਾਂਗਰਸ ਵੱਲੋਂ ਛੇਵੀਂ ਵਾਰ ਚੋਣ ਲੜ ਰਹੇ ਹਨ। ਇਥੋਂ ਭਾਜਪਾ ਦੇ ਸੀਨੀਅਰ ਆਗੂ ਨੀਰਜ ਵਰਮਾ ਚੋਣ ਲੜ ਰਹੇ ਹਨ ਤੇ ਕਾਂਗਰਸ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਏ ਅਨਿਲ ਪਾਰਤੀ ‘ਆਪ’ ਵੱਲੋਂ ਚੋਣ ਲੜ ਰਹੇ ਹਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article