ਲੁਧਿਆਣਾ ਦੇ ਲੋਕਾਂ ਨੂੰ ਜਲਦੀ ਹੀ ਟ੍ਰੈਫਿਕ ਸਮੱਸਿਆ ਤੋਂ ਰਾਹਤ ਮਿਲਣ ਵਾਲੀ ਹੈ। ਨਵੀਂ ਦਿੱਲੀ-ਅੰਮ੍ਰਿਤਸਰ ਰੇਲਵੇ ਲਾਈਨ ਦੇ ਨਿਰਮਾਣ ਕਾਰਜ ਲਈ 2 ਦਸੰਬਰ ਨੂੰ 90 ਦਿਨਾਂ ਲਈ ਬੰਦ ਕੀਤੇ ਗਏ ਦਮੋਰੀਆ ਪੁਲ ਦਾ ਕੰਮ ਹੁਣ ਆਪਣੇ ਅੰਤਿਮ ਪੜਾਅ ‘ਤੇ ਹੈ। ਪੁਲ ਦੀ ਉਸਾਰੀ ਦਾ 90 ਪ੍ਰਤੀਸ਼ਤ ਕੰਮ ਪੂਰਾ ਹੋ ਚੁੱਕਾ ਹੈ। ਪ੍ਰਸ਼ਾਸਨ ਦੀ ਯੋਜਨਾ ਮਾਰਚ ਦੇ ਅੰਤ ਤੱਕ ਪੁਲ ਨੂੰ ਆਵਾਜਾਈ ਲਈ ਖੋਲ੍ਹਣ ਦੀ ਹੈ। ਬਾਕੀ ਕੰਮ ਨੂੰ ਪੂਰਾ ਕਰਨ ਲਈ ਕਾਰੀਗਰ ਦਿਨ ਰਾਤ ਮਿਹਨਤ ਕਰ ਰਹੇ ਹਨ।
ਪੁਲ ਦੇ ਬੰਦ ਹੋਣ ਕਾਰਨ ਨੇੜਲੇ 400 ਦੇ ਕਰੀਬ ਦੁਕਾਨਦਾਰਾਂ ਦਾ ਕਾਰੋਬਾਰ ਪ੍ਰਭਾਵਿਤ ਹੋਇਆ। ਦੁਕਾਨਦਾਰਾਂ ਨੇ ਪੁਲ ਦੇ ਇੱਕ ਪਾਸੇ ਨੂੰ ਖੋਲ੍ਹਣ ਦੀ ਮੰਗ ਕੀਤੀ ਸੀ। ਪਰ ਪ੍ਰਸ਼ਾਸਨ ਨੇ ਇਸ ਮੰਗ ਨੂੰ ਠੁਕਰਾ ਦਿੱਤਾ ਸੀ।
ਦਮੋਰੀਆ ਪੁਲ ਡੀਐਮਸੀ ਅਤੇ ਸੀਐਮਸੀ ਨੂੰ ਜੋੜਦਾ ਹੈ। ਇਸ ਤੋਂ ਇਲਾਵਾ ਇਹ ਘੰਟਾਘਰ, ਸਬਜ਼ੀ ਮੰਡੀ, ਗਾਂਧੀ ਨਗਰ ਮਾਰਕੀਟ, ਦਰੇਸੀ ਅਤੇ ਮੰਨਾ ਸਿੰਘ ਨਗਰ ਨੂੰ ਜਾਣ ਵਾਲਾ ਮੁੱਖ ਰਸਤਾ ਵੀ ਹੈ। ਇਸ ਰਸਤੇ ਦੀ ਵਰਤੋਂ ਰੋਜ਼ਾਨਾ ਹਜ਼ਾਰਾਂ ਲੋਕ ਕਰਦੇ ਹਨ। ਪੁਲ ਦੇ ਖੁੱਲ੍ਹਣ ਨਾਲ ਆਮ ਨਾਗਰਿਕਾਂ ਅਤੇ ਕਾਰੋਬਾਰੀਆਂ ਨੂੰ ਵੱਡੀ ਰਾਹਤ ਮਿਲੇਗੀ।