ਲੁਧਿਆਣਾ : ਲੁਧਿਆਣਾ ਦੇ ਸਾਊਥ ਸਿਟੀ ਇਲਾਕੇ ਵਿੱਚ ਨਜਾਇਜ਼ ਕੈਸੀਨੋ ਖੋਲਿਆ ਗਿਆ ਹੈ ਜਿੱਥੇ ਲੋਕਾਂ ਨੂੰ ਜੂਆ ਖਿਡਾਇਆ ਜਾਂਦਾ ਹੈ ਅਤੇ ਰੋਜ਼ਾਨਾ ਕਰੋੜਾਂ ਰੁਪਏ ਦੀ ਜਿੱਤ ਹਾਰ ਹੁੰਦੀ ਹੈ I ਖ਼ਬਰ ਤੋਂ ਕੁਛ ਘੰਟੇ ਬਾਅਦ ਹੀ ਲੁਧਿਆਣਾ ਪੁਲਿਸ ਹਰਕਤ ਵਿੱਚ ਆਈ ਤੇ ਕੈਸੀਨੋ ਤੇ ਰੇਡ ਕਰਕੇ ਕੈਸੀਨੋ ਚਲਾਉਣ ਵਾਲੇ ਵਰੁਣ ਬੱਗਾ ਖਿਲਾਫ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ I
ਪੁਲਿਸ ਨੇ ਥਾਣਾ ਪੀਏਯੂ ਵਿਖੇ ਗੇਮਬਲਿੰਗ ਐਕਟ ਦੀਆਂ ਵੱਖ ਵੱਖ ਧਾਰਾਵਾਂ ਹੇਠ ਸ਼ਹੀਦ ਭਗਤ ਸਿੰਘ ਨਗਰ ਵਾਸੀ ਵਰੁਣ ਬੱਗਾ ਖਿਲਾਫ ਕੇਸ ਦਰਜ ਕੀਤਾ ਹੈ I FIR ਵਿੱਚ ਪੁਲਿਸ ਨੇ ਲਿਖਿਆ ਕਿ ਵਰੁਣ ਬੱਗਾ ਨੇ ਸਾਊਥ ਸਿਟੀ ਇਲਾਕੇ ਵਿੱਚ ਡੀਪੀਐਸ ਸਕੂਲ ਕੋਲ ਫਾਰਮ ਹਾਊਸ ਵਿੱਚ ਕੈਸੀਨੋ ਖੋਲਿਆ ਹੈ I ਕੈਸੀਨੋ ਵਿੱਚ ਤਾਸ਼ ਦੇ ਨਾਲ ਨਾਲ ਮਸ਼ੀਨਾਂ ਤੇ ਜੂਆ ਖਿਡਾਇਆ ਜਾਂਦਾ ਹੈ I
ਸੂਤਰਾਂ ਅਨੁਸਾਰ ਵਰੁਣ ਬੱਗਾ ਦੇ ਨਾਲ ਕੈਸੀਨੋ ਵਿੱਚ ਦੋ ਹੋਰ ਭਾਈਵਾਲ ਸਨ ਪਰ ਪੁਲਿਸ ਨੇ ਵਰੁਣ ਖਿਲਾਫ ਕੇਸ ਦਰਜ ਕਰਕੇ ਉਸਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਹੈ ਈ ਸੂਤਰਾਂ ਅਨੁਸਾਰ ਵਰੁਣ ਬੱਗਾ ਨੂੰ ਕੈਸੀਨੋ ਖੋਲਣ ਲਈ ਵੱਡੇ ਪੁਲਿਸ ਅਫਸਰਾਂ ਤੇ ਇੱਕ ਵਿਧਾਇਕ ਨੇ ਥਾਪੜਾ ਦਿੱਤਾ ਸੀ ਪਰ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਪੁਲਿਸ ਅਫਸਰ ਤੇ ਵਿਧਾਇਕ ਨੇ ਹੱਥ ਪਿੱਛੇ ਖਿੱਚ ਲਾਏ ਸਨ I
ਇਹ ਵੀ ਦੱਸ ਦਈਏ ਕਿ ਜੇਕਰ ਕਿਸੇ ਨੇ ਕੈਸੀਨੋ ਜਾਣਾ ਹੁੰਦਾ ਸੀ ਤਾਂ ਪਹਿਲਾਂ ਕੈਸੀਨੋ ਦੇ ਮਾਲਕ ਜਾਂ ਕੈਸੀਨੋ ਨਾਲ ਜੁੜੇ ਕਿਸੇ ਬੰਦੇ ਤੋਂ ਸਿਫਾਰਿਸ਼ ਪਵਾ ਕੇ ਹੀ ਐਂਟਰੀ ਮਿਲਦੀ ਸੀ I ਕੈਸੀਨੋ ਐਂਟਰੀ ਲਈ ਤਹਾਨੂੰ ਆਪਣੀ ਗੱਡੀ ਦਾ ਨੰਬਰ ਦੱਸਣਾ ਪੈਂਦਾ ਸੀ ਅਤੇ ਗੇਟ ਤੇ ਮੌਜੂਦ ਗਾਰਡ ਤੁਹਾਡੀ ਗੱਡੀ ਦਾ ਨੰਬਰ ਦੇਖ ਕੇ ਤਹਾਨੂੰ ਐਂਟਰੀ ਦਿੰਦਾ ਸੀ I ਕੈਸੀਨੋ ਵਾਲਿਆਂ ਨੇ ਗੱਡੀਆਂ ਦੀ ਪਾਰਕਿੰਗ ਫਾਰਮ ਹਾਊਸ ਦੇ ਅੰਦਰ ਹੀ ਰੱਖੀ ਹੋਈ ਹੈ ਤਾਂ ਜੋ ਸੜਕ ਤੋਂ ਲੰਘ ਰਹੇ ਲੋਕਾਂ ਨੂੰ ਕੁਝ ਪਤਾ ਨਾ ਚਲ ਸਕੇ I
ਕੈਸੀਨੋ ਵਿੱਚ ਐਂਟਰੀ ਤੋਂ ਬਾਅਦ ਤਹਾਨੂੰ ਖਾਣ ਪੀਣ ਦੀ ਪੂਰੀ ਸਹੂਲਤ ਮਿਲਦੀ ਸੀ I ਤਹਾਨੂੰ ਮਹਿੰਗੀ ਸ਼ਰਾਬ ਅਤੇ ਵਧੀਆ ਪਕਵਾਨ ਖਾਣ ਨੂੰ ਮਿਲਦੇ ਹਨ ਉਹ ਵੀ ਮੁਫ਼ਤ ਵਿੱਚ I ਕੈਸੀਨੋ ਵਾਲਿਆਂ ਵਲੋਂ ਜੂਆ ਖੇਡਣ ਵਾਲਿਆਂ ਨੂੰ ਹਰ ਤਰਾਂ ਦੀ ਸਹੂਲਤ ਦਿੱਤੀ ਜਾਂਦੀ ਸੀ I ਜੇਕਰ ਕਿਸੇ ਕੋਲ ਮੌਕੇ ਤੇ ਪੈਸੇ ਨਹੀਂ ਹਨ ਤਾਂ ਉਹ ਕੈਸੀਨੋ ਦੇ ਮਾਲਕ ਜਾ ਕਿਸੇ ਹੋਰ ਜਾਣਕਾਰ ਤੋਂ ਗਰੰਟੀ ਪਵਾ ਕੇ ਜੂਆ ਖੇਡ ਸਕਦਾ ਹੈ ਅਤੇ ਲੈਣ ਦੇਣ ਦਾ ਹਿਸਾਬ ਅਗਲੇ ਦਿਨ ਕੀਤਾ ਜਾਂਦਾ ਸੀ I ਜਾਣਕਾਰੀ ਅਨੁਸਾਰ ਕੈਸੀਨੋ ਖੁੱਲਿਆ ਨੂੰ ਇੱਕ ਹਫਤਾ ਹੋ ਗਿਆ ਹੈ ਅਤੇ ਰੋਜ਼ਾਨਾ ਕਰੋੜਾਂ ਰੁਪਏ ਦੀ ਹਾਰ ਜਿੱਤ ਹੁੰਦੀ ਸੀ I