ਕੇਂਦਰੀ ਮੰਤਰੀ ਪਿਊਸ਼ ਗੋਇਲ ਲੁਧਿਆਣਾ ਪਹੁੰਚ ਗਏ ਹਨ। ਪੀਯੂਸ਼ ਗੋਇਲ ਦੀ ਆਮਦ ਨੂੰ ਲੈ ਕੇ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। ਸਮਾਗਮ ‘ਚ ਆਉਣ-ਜਾਣ ਵਾਲੇ ਹਰ ਵਿਅਕਤੀ ‘ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਵੱਡੀ ਗਿਣਤੀ ਵਿੱਚ ਲੁਧਿਆਣਾ ਦੇ ਵਪਾਰੀ ਅਤੇ ਉੱਘੇ ਲੋਕ ਪਹੁੰਚੇ ਹੋਏ ਹਨ। ਇਸ ਦੌਰਾਨ ਪਿਊਸ਼ ਗੋਇਲ ਦੀ ਕਾਰੋਬਾਰੀਆਂ ਨਾਲ ਮੀਟਿੰਗਾਂ ਦਾ ਦੌਰ ਜਾਰੀ ਹੈ।
ਕਾਰੋਬਾਰੀਆਂ ਨੇ ਆਪਣੀਆਂ ਮੁਸ਼ਕਲਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਤੁਸੀਂ ਵੀ ਦਿੱਲੀ ਤੋਂ ਚੰਡੀਗੜ੍ਹ ਏਅਰਪੋਰਟ ਰਾਹੀਂ ਆਏ ਹੋ ਪਰ ਲੁਧਿਆਣਾ ਏਅਰਪੋਰਟ ਤਾਂ ਪੂਰੀ ਤਰ੍ਹਾਂ ਤਿਆਰ ਹੈ ਪਰ ਸਰਕਾਰ ਇਸ ਨੂੰ ਸ਼ੁਰੂ ਨਹੀਂ ਕਰ ਰਹੀ, ਜੇਕਰ ਇਹ ਜਲਦੀ ਸ਼ੁਰੂ ਹੋ ਜਾਵੇ ਤਾਂ ਇੰਡਸਟਰੀ ਨੂੰ ਆਕਸੀਜਨ ਮਿਲ ਸਕਦੀ ਹੈ।
ਇਸ ਦੌਰਾਨ ਵਪਾਰੀ ਹਰਸਿਮਰਨਜੀਤ ਸਿੰਘ ਲੱਕੀ ਨੇ ਕਿਹਾ ਕਿ ਸਾਡੇ ਕੋਲ ਪੂਰਾ ਸੈੱਟਅੱਪ ਹੈ ਪਰ ਸਾਡੇ ਸੈਕਟਰ ਵਿੱਚ ਸਹੂਲਤਾਂ ਦੀ ਘਾਟ ਹੈ ਅਤੇ ਸਰਕਾਰ ਨੂੰ ਇਸ ਦੀ ਬਿਹਤਰੀ ਲਈ ਕਦਮ ਚੁੱਕਣੇ ਚਾਹੀਦੇ ਹਨ।
ਕਾਰੋਬਾਰੀ ਅਜੀਤ ਲਾਕੜਾ ਨੇ ਕਿਹਾ ਕਿ ਅੱਜ ਹਰ ਸ਼ਹਿਰ ਵਿੱਚ ਗਾਰਮੈਂਟਸ ਉਦਯੋਗ ਸਥਾਪਿਤ ਹੋ ਰਿਹਾ ਹੈ ਅਤੇ ਅਸੀਂ ਬੰਗਲਾਦੇਸ਼ ਨਾਲ ਮੁਕਾਬਲੇ ਵਿੱਚ ਪਛੜ ਰਹੇ ਹਾਂ। ਕੁਝ ਕਦਮ ਚੁੱਕੇ ਜਾਣੇ ਚਾਹੀਦੇ ਹਨ ਤਾਂ ਜੋ ਸਾਡਾ ਉਦਯੋਗ ਵਧੇ ਅਤੇ ਭਾਰਤ ਵਿੱਚ ਬਣੇ ਕੱਪੜੇ ਭਾਰਤ ਵਿੱਚ ਹੀ ਵਿਕਣ। ਅੱਜ ਬੰਗਲਾਦੇਸ਼ ਤੋਂ ਬਹੁਤ ਸਾਰਾ ਮਾਲ ਆ ਰਿਹਾ ਹੈ ਅਤੇ ਕੱਪੜਾ ਉਦਯੋਗ ਦੀ ਹਾਲਤ ਕਮਜ਼ੋਰ ਹੋ ਰਹੀ ਹੈ।
ਪਲਾਸਟਿਕ ਕਾਰੋਬਾਰੀ ਸੁਰੇਸ਼ ਜੈਨ ਨੇ ਵੀ ਆਪਣੀਆਂ ਸਮੱਸਿਆਵਾਂ ਦੱਸਦਿਆਂ ਕਿਹਾ ਕਿ ਪ੍ਰਦੂਸ਼ਣ ਵਿਭਾਗ ਪੰਜਾਬ ਵਿੱਚ ਸਾਡੇ ਉਦਯੋਗਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ, ਜਿਸ ਕਾਰਨ ਵਪਾਰੀ ਬਹੁਤ ਪ੍ਰੇਸ਼ਾਨ ਹਨ। ਇਸ ’ਤੇ ਪਿਊਸ਼ ਗੋਇਲ ਨੇ ਤੁਰੰਤ ਫੋਨ ਕਰਕੇ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਮਸਲਾ ਹੱਲ ਕਰਵਾਇਆ। ਜਿਸ ਤੋਂ ਬਾਅਦ ਵਪਾਰੀਆਂ ਨੇ ਪੀਯੂਸ਼ ਗੋਇਲ ਦਾ ਧੰਨਵਾਦ ਕੀਤਾ।