ਦਿ ਸਿਟੀ ਹੈਡਲਾਈਨ ਲੁਧਿਆਣਾ, 19 ਨਵੰਬਰ
ਬਿਨ੍ਹਾਂ ਜਾਂਚ ਕੀਤੇ ਗਏ ਥਾਣਾ ਡਵੀਜ਼ਨ ਨੰਬਰ 3 ’ਚ ਨੌਜਵਾਨ ਦੇ ਖਿਲਾਫ਼ ਦਹਿਸ਼ਤ ਫੈਲਾਉਣ ਸਣੇ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕਰਨ ਤੇ ਉਸ ’ਚ ਲਾਇਸੈਂਸੀ ਪਿਸਤੌਲ ਬਰਾਮਦ ਕਰ ਉਸਨੂੰ ਜਮ੍ਹਾਂ ਕਰਾਉਣ ਦੀ ਥਾਂ ਆਪਣੇ ਕੋਲ ਨਾਜਾਇਜ਼ ਤੌਰ ’ਤੇ ਰੱਖਣ ਦੇ ਦੋਸ਼ ’ਚ ਲੁਧਿਆਣਾ ਦੇ ਸੇਵਾ ਮੁਕਤ ਏਸੀਪੀ ਤੇ ਇੰਸਪੈਕਟਰ ’ਤੇ ਕੇਸ ਦਰਜ ਕੀਤਾ ਹੈ। ਦੋਹਾਂ ਅਧਿਕਾਰੀਆਂ ਦੇ ਖਿਲਾਫ਼ ਉਸੇ ਥਾਣੇ ’ਚ ਕੇਸ ਦਰਜ ਕੀਤਾ ਗਿਆ ਹੈ, ਜਿੱਥੇ ਦੋਵੇਂ ਥਾਣਾ ਇੰਚਾਰਜ ਰਹਿ ਚੁੱਕੇ ਹਨ। ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਨੇ ਢੋਕਾ ਮੁਹੱਲਾ ਦੇ ਰਹਿਣ ਵਾਲੇ ਜਸਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਸੇਵਾ ਮੁਕਤ ਏਸੀਪੀ ਰਣਧੀਰ ਸਿੰਘ ਤੇ ਇੰਸਪੈਕਟਰ ਸਤੀਸ਼ ਕੁਮਾਰ ਦੇ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਸਦੇ ਕੋਲ 32 ਬੋਰ ਦਾ ਲਾਇਸੈਂਸੀ ਰਿਵਾਲਵਰ ਸੀ ਤੇ 2015 ’ਚ ਉਸਦੇ ਗੁਆਂਢੀ ਦੇ ਨਾਲ ਉਸਦਾ ਮਾਮੂਲੀ ਵਿਵਾਦ ਹੋ ਗਿਆ। ਗੁਆਂਢੀ ਨੇ ਥਾਣਾ ਡਵੀਜ਼ਨ ਨੰਬਰ 3 ’ਚ ਸ਼ਿਕਾਇਤ ਦੇ ਦਿੱਤੀ ਕਿ ਹਵਾਈ ਫਾਇਰ ਕੀਤੇ ਗਏ ਹਨ। ਉਸ ਸਮੇਂ ਥਾਣਾ ਡਵੀਜ਼ਨ ਨੰਬਰ 3 ’ਚ ਰਣਧੀਰ ਸਿੰਘ ਬਤੌਰ ਇੰਸਪੈਕਟਰ ਤੈਨਾਤ ਸਨ, ਜੋ ਹੁਣ ਏਸੀਪੀ ਪ੍ਰੋਮੋਟ ਹੋ ਕੇ ਸੇਵਾ ਮੁਕਤ ਹੋ ਚੁੱਕੇ ਹਨ। ਉਨ੍ਹਾਂ ਉਸਦੇ ਖਿਲਾਫ਼ ਕੇਸ ਦਰਜ ਕਰ ਲਿਆ ਤੇ ਉਸਦਾ ਲਾਇਸੈਂਸੀ ਰਿਵਾਲਵਰ, 10 ਕਾਰਤੂਸ ਤੇ ਲਾਇਸੈਂਸ ਲੈ ਲਿਆ, ਜੋ ਉਨ੍ਹਾਂ ਮਾਲ ਖਾਨੇ ’ਚ ਜਮ੍ਹਾਂ ਕਰਾਉਣ ਦੀ ਥਾਂ ਆਪਣੇ ਕੋਲ ਰੱਖ ਲਿਆ। ਉਸਨੇ ਪੁਲੀਸ ਅਧਿਕਾਰੀਆਂ ਸਾਹਮਣੇ ਪੇਸ਼ ਹੋ ਕੇ ਜਾਂਚ ਤੋਂ ਜਾਣੂ ਕਰਵਾਇਆ। ਜਾਂਚ ਦੌਰਾਨ ਕਰੀਬ 2 ਸਾਲ ਬਾਅਦ ਉਸਦਾ ਕੇਸ ਖਾਰਜ ਕਰ ਦਿੱਤਾ ਗਿਆ। ਉਹ ਥਾਣੇ ਆਪਣਾ ਲਾਇਸੈਂਸੀ ਅਸਲਾ ਕਾਰਤੂਸ ਤੇ ਲਾਇਸੈਂਸ ਲੈਣ ਗਿਆ ਤਾਂ ਪਤਾ ਲੱਗਿਆ ਕਿ ਥਾਣਾ ਇੰਚਾਰਜ ਰਹੇ ਸੇਵਾ ਮੁਕਤ ਰਣਧੀਰ ਸਿੰਘ ਏਸੀਪੀ ਬਣ ਚੁੱਕੇ ਹਨ। ਹੁਣ ਉਨ੍ਹਾਂ ਦੀ ਥਾਂ ਸਤੀਸ਼ ਕੁਮਾਰ ਕੋਲ ਕਮਾਂਡ ਹੈ। ਜਸਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਸਤੀਸ਼ ਕੁਮਾਰ ਨੂੰ ਸਾਰੀ ਗੱਲ ਦੱਸੀ ਤਾਂ ਉਨ੍ਹਾਂ ਕਿਹਾ ਕਿ ਪਿਸਤੌਲ ਉਨ੍ਹਾਂ ਕੋਲ ਨਹੀਂ ਹੈ। ਜਿਸ ਤੋਂ ਬਾਅਦ ਉਸਨੇ ਅਦਾਲਤ ’ਚ ਸਪੁਰਦ ਦਾਰੀ ਲੈਣ ਲਈ ਵਕੀਲ ਰਾਹੀਂ ਦਾਅਵੇਦਾਰੀ ਕੀਤੀ। ਜਿੱਥੇ ਥਾਣਾ ਡਵੀਜ਼ਨ ਨੰਬਰ 3 ਦੇ ਕਈ ਮੁਲਾਜ਼ਮਾਂ ਦੇ ਬਿਆਨ ਦਰਜ ਹੋਏ ਕਿ ਪਿਸਤੌਲ ਜਸਪ੍ਰੀਤ ਤੋਂ ਬਰਾਮਦ ਹੀ ਨਹੀਂ ਕੀਤਾ ਗਿਆ, ਇਸ ਲਈ ਪਿਸਤੌਲ ਉਨ੍ਹਾਂ ਕੋਲ ਨਹੀਂ ਹੈ। ਉਹ ਕਰਮੀਆਂ ਨਾਲ ਮਾਲ ਖਾਣੇ ਵੀ ਲੱਭਦੇ ਰਹੇ, ਪਰ ਪਿਸਤੌਲ ਨਹੀਂ ਮਿਲਿਆ। ਪਿਸਤੌਲ ਮਿਲਦਾ ਕਿਵੇਂ, ਉਹ ਤਾਂ ਰਣਧੀਰ ਸਿੰਘ ਕੋਲ ਸੀ। ਜਸਪ੍ਰੀਤ ਨੇ ਦੱਸਿਆ ਕਿ ਉਸਨੇ ਆਪਣੀ ਲੜਾਈ ਜਾਰੀ ਰੱਖੀ ਕਿ ਉਸਦਾ ਪਿਸਤੌਲ ਉਸਨੂੰ ਮਿਲੇ। ਕੁਝ ਸਮੇਂ ਬਾਅਦ ਰਣਧੀਰ ਸਿੰਘ ਤੇ ਇੰਸਪੈਕਟਰ ਸਤੀਸ਼ ਨੇ ਮਿਲੀਭੂਗਤ ਕੀਤੀ ਤੇ ਪਿਸਤੌਲ ਸਤੀਸ਼ ਕੋਲ ਆ ਗਿਆ। ਕੁਝ ਸਮੇਂ ਬਾਅਦ ਇੰਸਪੈਕਟਰ ਸਤੀਸ਼ ਕੁਮਾਰ ਨੇ ਅਦਾਲਤ ’ਚ ਅਰਜ਼ੀ ਦਿੱਤੀ ਕਿ ਪਿਸਤੌਲ ਮਿਲ ਗਿਆ ਹੈ, ਥਾਣੇ ਦੀ ਸਫ਼ਾਈ ਚੱਲ ਰਹੀ ਤਾਂ ਸਫ਼ਾਈ ਦੌਰਾਨ ਉਹ ਮਿਲਿਆ ਹੈ। ਅਦਾਲਤ ’ਚ ਦਿੱਤੀ ਅਰਜ਼ੀ ਵਿੱਚ ਸਿਰਫ਼ ਪਿਸਤੌਲ ਦਾ ਜ਼ਿਕਰ ਸੀ, ਕਾਰਤੂਸਾਂ ਬਾਰੇ ਕੁਝ ਨਹੀਂ ਦੱਸਿਆ ਗਿਆ। ਜਿਸ ਤੋਂ ਬਾਅਦ ਉਸਨੇ ਪੰਜਾਬ ਹਰਿਆਣਾ ਹਾਈਕੋਰਟ ’ਚ ਪਟੀਸ਼ਨ ਪਾਈ ਅਤੇ ਉਸ ਤੋਂ ਬਾਅਦ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ। ਜਿਸ ਤੋੰਂ ਬਾਅਦ ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਦੋਵਾਂ ਅਧਿਕਾਰੀਆਂ ਨੇ ਮਿਲੀਭੁਗਤ ਕਰਕੇ ਨਾਜਾਇਜ਼ ਤੌਰ ’ਤੇ ਹਥਿਆਰ ਆਪਣੇ ਕੋਲ ਰੱਖਿਆ ਸੀ। ਜਸਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਦੇ 10 ਕਾਰਤੂਸ ਨਹੀਂ ਮਿਲੇ, ਜੋ ਪਤਾ ਲੱਗਿਆ ਕਿ ਚਲਾ ਦਿੱਤੇ ਗਏ ਹਨ। ਉਹ ਕਾਰਤੂਸ ਕਿਸੇ ਹੋਰ ਨੇ ਨਹੀਂ ਬਲਕਿ ਸੇਵਾ ਮੁਕਤ ਏਸੀਪੀ ਰਣਧੀਰ ਸਿੰਘ ਨੇ ਚਲਾਏ ਹਨ। ਜਿਸਦੀ ਉਹ ਫੋਰੈਂਸਿਕ ਜਾਂਚ ਲਈ ਅਧਿਕਾਰÇਆਂ ਤੋਂ ਮੰਗ ਕਰਨਗੇ ਤਾਂ ਕਿ ਸੱਚਾਈ ਸਾਹਮਣੇ ਆ ਸਕੇ। ਹੁਣ ਥਾਣਾ ਡਵੀਜ਼ਨ ਨੰ. 3 ਦੀ ਪੁਲਿਸ ਮੁਲਜ਼ਮਾਂ ਦੀ ਭਾਲ ’ਚ ਲੱਗ ਗਈ ਹੈ। ਪÇੁਲਸ ਦਾਅਵਾ ਹੈ ਕਿ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।