ਲੁਧਿਆਣਾ, 9 ਸਤੰਬਰ : ਪੰਜਾਬ ਵਿਚ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰੀ ਡਾਕਟਰਾਂ ਦੀ ਪ੍ਰਮੁੱਖ ਜਥੇਬੰਦੀ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਨੇ ਆਪਣੇ ਸਾਰੇ ਜ਼ਿਲ੍ਹਿਆਂ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਕੇ 9 ਸਤੰਬਰ ਤੋਂ ਐਲਾਨੀ ਹੋਈ ਹੜਤਾਲ ਦੇ ਸੱਦੇ ‘ਤੇ ਅੱਜ ਤੋਂ ਅਗਲੇ ਤਿੰਨ ਦਿਨਾਂ ਤੱਕ ਤੱਕ 8 ਤੋਂ 11 ਵਜੇ ਤੱਕ ਸਰਕਾਰੀ ਹਸਪਤਾਲਾਂ ’ਚ ਓ.ਪੀ.ਡੀ. ਸੇਵਾਵਾਂ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਇਸੇ ਦੇ ਚਲਦਿਆਂ ਹੀ ਸਿਵਲ ਹਸਪਤਾਲ ਲੁਧਿਆਣਾ ਵਿਖੇ ਵੀ ਡਾਕਟਰਾਂ ਵਲੋਂ ਹੜਤਾਲ ਕੀਤੀ ਗਈ। ਇਸ ਮੌਕੇ ਹੜਤਾਲ ਤੇ ਬੈਠੇ ਡਾਕਟਰਾਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਸਾਡੀਆਂ ਮੰਗਾਂ ਲਟਕਦੀਆਂ ਆ ਰਹੀਆਂ ਹਨ, ਪਰ ਸਰਕਾਰ ਵਲੋਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ, ਜਿਸ ਕਾਰਨ ਸਾਨੂੰ ਮਜਬੂਰਨ ਤਿੰਨ ਘੰਟੇ ਲਈ ਓ.ਪੀ.ਡੀ. ਸੇਵਾਵਾਂ ਠੱਪ ਰੱਖਣੀਆਂ ਪਈਆਂ ਹਨ ਅਤੇ 11 ਸਤੰਬਰ ਤੱਕ ਇਸੇ ਤਰ੍ਹਾਂ ਹੀ ਤਿੰਨ ਘੰਟੇ ਓ.ਪੀ.ਡੀ. ਸੇਵਾਵਾਂ ਠੱਪ ਰੱਖ ਕੇ ਹੜਤਾਲ ਕੀਤੀ ਜਾਵੇਗੀ। ਇਸ ਦੌਰਾਨ ਹਸਪਤਾਲ ਆਏ ਮਰੀਜ਼ ਖਜਲ ਖੁਆਰ ਹੁੰਦੇ ਰਹੇ ਤੇ ਸਰਕਾਰ ਨੂੰ ਕੋਸਦੇ ਹੋਏ ਸਰਕਾਰ ਤੋਂ ਮੰਗ ਕੀਤੀ ਕਿ ਉਹ ਡਾਕਟਰਾਂ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇ ਤਾਂ ਜੋ ਮਰੀਜਾਂ ਨੂੰ ਪਰੇਸ਼ਾਨ ਨਾ ਹੋਣਾ ਪਵੇ।
ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਲਗਭਗ ਡਾਕਟਰਾਂ ਦੀਆਂ 2800 ਪੋਸਟਾਂ ਖਾਲੀ ਹਨ, ਪਰ ਸਰਕਾਰ ਵਲੋਂ ਪੋਸਟਾਂ ਭਰੀਆਂ ਨਹੀਂ ਜਾ ਰਹੀਆਂ ਤੇ ਜੇਕਰ ਹਸਪਤਾਲ ਵਿਚ ਡਾਕਟਰ ਹੀ ਨਹੀਂ ਹੋਣਗੇ ਤਾਂ ਲੋਕਾਂ ਦਾ ਇਲਾਜ ਕਿਵੇਂ ਕੀਤਾ ਜਾ ਸਕੇਗਾ।