ਗੋਆ ਦੀ ਤਰਜ਼ ’ਤੇ ਲੁਧਿਆਣਾ ਸ਼ੇਅਰ ਮਾਰਕੀਟ ਮਾਹਿਰ ਤੇ ਸੱਟੇਬਾਜ਼ੀ ’ਚ ਮਸ਼ਹੂਰ ਵਿਅਕਤੀ ਦੇ ਭਰਾ ਨੇ ਖੋਲਿ੍ਹਆ ਕੈਸੀਨੋ, ਤਿੰਨ ਭਾਈਵਾਲਾਂ ਵਿੱਚ ਜਲੰਧਰ ਦੇ ਸਿਆਸੀ ਆਗੂ ਵੀ ਸ਼ਾਮਲ
ਤਿੰਨ ਏਕੜ ਦੇ ਫਾਰਮ ਹਾਊਸ ਵਿੱਚ ਬਣਾਇਆ ਗਿਆ ਹੈ ਕੈਸੀਨੋ
ਦਿ ਸਿਟੀ ਹੈੱਡਲਾਈਨ
ਲੁਧਿਆਣਾ, 4 ਅਕਤੂਬਰ
ਸ਼ਹਿਰ ਦੇ ਸਭ ਤੋਂ ਪੌਸ਼ ਇਲਾਕੇ ਮੰਨੇ ਜਾਂਦੇ ਸਾਊਥ ਸਿਟੀ ਇਲਾਕੇ ’ਚ ਕੈਸੀਨੋ ਖੁਲ੍ਹਣ ਦੀ ਕਾਫੀ ਚਰਚਾ ਹੈ। ਇਹ ਕੈਸੀਨੋ ਇੱਕ ਫਾਰਮ ਹਾਊਸ ਦੇ ਦੋ ਕਮਰਿਆਂ ਵਿੱਚ ਖੋਲਿ੍ਹਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੇ ਤਿੰਨ ਭਾਈਵਾਲ ਹਨ। ਜੋ ਕਿ ਖੇਡਣ ਵਾਲੇ ਲੋਕਾਂ ਨੂੰ ਪੂਰਾ ਭਰੋਸਾ ਦਿੰਦਾ ਹਨ ਕਿ ਉਨ੍ਹਾਂ ਦੇ ਕੈਸੀਨੋ ’ਤੇ ਪੁਲੀਸ ਦੀ ਕੋਈ ਰੇਡ ਨਹੀਂ ਹੋਵੇਗੀ। ਜਦਕਿ ਅਜੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿ ਕੀ ਪੁਲੀਸ ਇਨ੍ਹਾਂ ਕੈਸੀਨੋ ਤੋਂ ਬੇਖ਼ਬਰ ਹੈ ਜਾਂ ਉਨ੍ਹਾਂ ਦੀ ਸਹਿ ਹੈ? ਇਹ ਕੈਸੀਨੋ ਲੁਧਿਆਣਾ ਦੇ ਇੱਕ ਵੱਡੇ ਸੱਟੇਬਾਜ਼ ਵੱਜੋਂ ਮਸ਼ਹੂਰ ਵਿਅਕਤੀ ਦੇ ਭਰਾ ਨੇ ਖੋਲਿ੍ਹਆ ਹੈ, ਜਿਸਦੀ ਅੱਜ ਕੱਲ ਸਿਆਸੀ ਪੱਧਰ ’ਤੇ ਵੀ ਕਾਫ਼ੀ ਵੱਡੀ ਪੱਕੜ ਹੈ ਤੇ ਲੁਧਿਆਣਾ ਦਾ ਬਹੁਤ ਵੱਡਾ ਨਾਮ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਕੈਸੀਨੋ ਸਾਊਥ ਸਿਟੀ ਸਥਿਤ ਬਾਬਾ ਟੀ ਸਟਾਲ ਤੋਂ ਥੋੜ੍ਹੀ ਦੂਰੀ ’ਤੇ ਸਥਿਤ ਇਕ ਹਾਈਫਾਈ ਫਾਰਮ ਹਾਊਸ ’ਚ ਚਲਾਇਆ ਰਿਹਾ ਹੈ। ਜੋ ਕਿ ਕਰੀਬ ਤਿੰਨ ਏਕੜ ਦਾ ਹੈ। ਇਸ ਦੇ ਅੰਦਰ ਦੋ ਕਮਰੇ ਬਣੇ ਹੋਏ ਹਨ। ਜਿਸ ਦੇ ਇੱਕ ਕਮਰੇ ਵਿੱਚ ਪੰਜ ਟੇਬਲ ਲੱਗੇ ਹੋਏ ਹਨ, ਜਿੱਥੇ ਫਲੈਸ਼ ਕੰਮ ਕਰਦੀ ਹੈ। ਜਦੋਂ ਕਿ ਦੂਜੇ ਕਮਰੇ ਵਿੱਚ ਇੱਕ ਰੋਲੇਟ ਟੇਬਲ ਲਗਾਇਆ ਗਿਆ ਹੈ। ਜਿਸ ’ਤੇ ਭਾਰਤ ’ਚ ਪੂਰੀ ਤਰ੍ਹਾਂ ਪਾਬੰਦੀ ਹੈ। ਇਹ ਕੈਸੀਨੋ ਗੋਆ ਦੀ ਤਰਜ਼ ’ਤੇ ਚੱਲ ਰਿਹਾ ਹੈ। ਖੇਡਣ ਦੇ ਸ਼ੌਕੀਨਾਂ ਨੂੰ ਪਹਿਲਾਂ ਗੋਆ ਜਾਂ ਹੋਰ ਦੂਜੇ ਸੂਬਿਆਂ ਵਿਚ ਜਾਣਾ ਪੈਂਦਾ ਸੀ। ਇੱਥੇ ਇਹ ਵੀ ਦੱਸ ਦੇਈਏ ਕਿ ਦੀਵਾਲੀ ਦੇ ਮੌਕੇ ’ਤੇ ਕਈ ਵੱਡੇ ਕਾਰੋਬਾਰੀ ਕੈਸੀਨੋ ਖੇਡਦੇ ਹਨ, ਹਾਂਲਕਿ ਭਾਰਤ ਵਿੱਚ ਇਹ ਸਭ ਗ਼ੈਰ-ਕਾਨੂੰਨੀ ਹੈ ਪਰ ਹੁਣ ਉਨ੍ਹਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਹੈ, ਲੁਧਿਆਣਾ ਵਿੱਚ ਹੀ ਉਹ ਆਪਣੀ ਮਨਪਸੰਦ ਗੇਮ ਖੇਡ ਸਕਣਗੇ।
ਫਾਰਮ ਹਾਊਸ ਦੇ ਚਾਰੇ ਪਾਸੇ ਲੱਗੇ ਸੀਸੀਟੀਵੀ ਕੈਮਰੇ
ਇਹ ਵੀ ਪਤਾ ਲੱਗਿਆ ਹੈ ਕਿ ਫਾਰਮ ਹਾਊਸ ਚਾਰੇ ਪਾਸਿਓ ਉੱਚ ਗੁਣਵੱਤਾ ਵਾਲੇ ਸੀਸੀਟੀਵੀ ਕੈਮਰਿਆਂ ਨਾਲ ਲੈਸ ਹੈ। ਫਾਰਮ ਦੇ ਅੰਦਰ ਇੱਕ ਗੁਪਤ ਕਮਰਾ ਵੀ ਹੈ। ਜਿਸ ਵਿੱਚ ਕੈਸੀਨੋ ਸੰਚਾਲਕ ਬੈਠਦੇ ਹਨ ਅਤੇ ਉਹ ਸੀਸੀਟੀਵੀ ਕੈਮਰਿਆਂ ਰਾਹੀਂ ਹਰ ਕਿਸੇ ’ਤੇ ਨਜ਼ਰ ਰੱਖਦੇ ਹਨ। ਜੇ ਕੋਈ ਬਾਹਰ ਆਉਂਦਾ ਹੈ ਤਾਂ ਉਸ ਨੂੰ ਪਹਿਲਾਂ ਅੰਦਰੋਂ ਦੇਖਿਆ ਜਾਂਦਾ ਹੈ। ਫਿਰ ਗਾਰਡ ਨੂੰ ਉਸ ਵਿਅਕਤੀ ਨੂੰ ਅੰਦਰ ਜਾਣ ਇਜ਼ਾਜਤ ਦਿੱਤੀ ਜਾਂਦੀ ਹੈ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਖੇਡਣ ਆਏ ਵਿਅਕਤੀ ਦੀ ਪਹਿਲਾਂ ਤਲਾਸ਼ੀ ਲਈ ਜਾਂਦੀ ਹੈ। ਫਿਰ ਬਾਹਰ ਕਾਊਂਟਰ ’ਤੇ ਨਕਦੀ ਜਮਾ ਕਰਕੇ ਉਸ ਦੇ ਬਦਲੇ ਟੋਕਨ ਦਿੱਤੇ ਜਾਂਦੇ ਹਨ। ਫਿਰ ਉਸ ਨੂੰ ਅੰਦਰ ਜਾਣ ਦਿੱਤਾ ਜਾਂਦਾ ਹੈ। ਅੰਦਰ ਹਰ ਕਿਸਮ ਦੀ ਦੇਸੀ ਅਤੇ ਵਿਦੇਸ਼ੀ ਸ਼ਰਾਬ ਅਤੇ ਸ਼ਾਕਾਹਾਰੀ ਅਤੇ ਮਾਸਾਹਾਰੀ ਖਾਣੇ ਵੀ ਉਪਲਬਧ ਹਨ।