ਦਿ ਸਿਟੀ ਹੈੱਡ ਲਾਈਨਸ
ਲੁਧਿਆਣਾ, 5 ਫਰਵਰੀ : ਲੁਧਿਆਣਾ ਦੀ ਕੇਂਦਰੀ ਜੇਲ੍ਹ ’ਚ ਬੰਦ 2 ਹਵਾਲਾਤੀਆਂ ਨੇ ਜੇਲ੍ਹ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਜੇਲ੍ਹ ਪ੍ਰਸਾਸ਼ਨ ਵੱਲੋਂ ਕੀਤੀ ਚੈਕਿੰਗ ’ਚ ਉਹ ਫੜ੍ਹੇ ਗਏ। ਜਦੋਂ ਜੇਲ੍ਹ ਪ੍ਰਸਾਸ਼ਨ ਚੈਕਿੰਗ ਕਰ ਰਿਹਾ ਸੀ ਤਾਂ ਅੰਦਰ ਬਾਥਰੂਮ ਦੀਆਂ ਇੱਟਾਂ ਕੱਢ ਕੇ ਸਰੁੰਗ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ, ਜਿਸਨੂੰ ਦੇਖ ਸਾਰੇ ਹੈਰਾਨ ਰਹਿ ਗਏ। ਜਿਸ ਤੋਂ ਬਾਅਦ ਦੋਹਾਂ ਹਵਾਲਾਤੀਆਂ ਦੀਆਂ ਬੈਰਕ ਬਦਲੀਆਂ ਗਈਆਂ। ਇਸ ਮਾਮਲੇ ’ਚ ਸਹਾਇਕ ਸੁਪਰਡੈਂਟ ਦੀ ਸ਼ਿਕਾਇਤ ’ਤੇ ਥਾਣਾ ਡਵੀਜ਼ਨ ਨੰ. 7 ਦੀ ਪੁਲੀਸ ਨੇ ਪ੍ਰੇਮ ਚੰਦ ਉਰਫ਼ ਮਿਥੁਨ ਅਤੇ ਸਰਬ ਉਰਫ਼ ਬਕਰੂ ਦੇ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲੀਸ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਦੀ ਤਿਆਰੀ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਮੁਲਜ਼ਮ ਮਿਥੁਨ ਦੇ ਖਿਲਾਫ਼ ਗੁਰਦਾਸਪੁਰ ਅਤੇ ਸਰਬ ਦੇ ਖਿਲਾਫ਼ ਐਸਬੀਐਸ ਨਗਰ ਦੇ ਥਾਣੇ ’ਚ ਚੋਰੀ ਦਾ ਕੇਸ ਦਰਜ ਹੈ। ਦੋਵੇਂ ਪਿਛਲੇਂ ਕਾਫ਼ੀ ਸਮੇਂ ਤੋਂ ਜੇਲ੍ਹ ’ਚ ਬੰਦ ਸਨ। ਦੋਹਾਂ ਦੀ ਜ਼ਮਾਨਤ ਨਹੀਂ ਹੋ ਪਾ ਰਹੀ ਸੀ। ਦੋਹਾਂ ਨੂੰ ਲੁਧਿਆਣਾ ਕੇਂਦਰੀ ਜੇਲ੍ਹ ਦੇ ਐਨਬੀ ਵਾਰਡ ਦੀ ਬੈਰਕ ਨੰ. 5 ’ਚ ਬੰਦ ਰੱਖਿਆ ਗਿਆ ਸੀ। ਦੋਵੇਂ ਮੁਲਜ਼ਮ ਜੇਲ੍ਹ ’ਚੋਂ ਫ਼ਰਾਰ ਹੋਣ ਦੀ ਤਿਆਰੀ ’ਚ ਲੱਗੇ ਸਨ। ਦੋਹਾਂ ਨੇ ਬਾਥਰੂਮ ਦੇ ਅੰਦਰੋਂ ਕਾਫ਼ੀ ਇੱਟਾਂ ਪੁੱਟ ਲਈਆਂ ਸਨ ਅਤੇ ਸੁਰੰਗ ਬਣਾਉਣ ਦੀ ਤਿਆਰੀ ਸੀ ਤਾਂ ਕਿ ਉਹ ਜੇਲ੍ਹ ’ਚੋਂ ਫ਼ਰਾਰ ਹੋ ਸਕਣ। ਜੇਲ੍ਹ ਪ੍ਰਸਾਸ਼ਨ ਵੱਲੋਂ ਰੂਟੀਨ ਚੈਕਿੰਗ ਕੀਤੀ ਗਈ ਤਾਂ ਦੋਵੇਂ ਮੁਲਜ਼ਮਾਂ ਦੀ ਬੈਰਕ ਦੀ ਚੈਕਿੰਗ ਦੌਰਾਨ ਜਦੋਂ ਟੀਮ ਬਾਥਰੂਮ ਚੈਕ ਕਰਨ ਗਈ ਤਾਂ ਹੈਰਾਨ ਰਹਿ ਗਈ। ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਇਸਦੀ ਜਾਣਕਾਰੀ ਜੇਲ੍ਹ ਦੇ ਉਚ ਅਧਿਕਾਰੀਆਂ ਨੂੰ ਦਿੱਤੀ। ਸਭ ਤੋਂ ਪਹਿਲਾਂ ਜੇਲ੍ਹ ਪ੍ਰਸਾਸ਼ਨ ਨੇ ਦੋਹਾਂ ਦੀਆਂ ਬੈਰਕਾਂ ਬਦਲੀਆਂ ਅਤੇ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਚੌਂਕੀ ਤਾਜਪੁਰ ਦੇ ਇੰਚਾਰਜ ਏਐਸਆਈ ਜਨਕ ਰਾਜ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਜਾਵੇਗਾ, ਜਿਸ ਤੋਂ ਬਾਅਦ ਪੁੱਛਗਿਛ ਕੀਤੀ ਜਾਵੇਗੀ।