ਲੁਧਿਆਣਾ ਵਿੱਚ ਵਿਜੀਲੈਂਸ ਬਿਊਰੋ ਦੀ ਟੀਮ ਨੇ ਨਗਰ ਨਿਗਮ ਲੁਧਿਆਣਾ ਵਿੱਚ ਤਾਇਨਾਤ ਸੁਪਰਡੈਂਟ ਇੰਜਨੀਅਰ (ਐਸ.ਈ.) ਸੰਜੇ ਕੰਵਰ ਨੂੰ ਇੱਕ ਠੇਕੇਦਾਰ ਤੋਂ ਕਮਿਸ਼ਨ ਦੇ ਰੂਪ ਵਿੱਚ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ।
ਇਹ ਖੁਲਾਸਾ ਕਰਦਿਆਂ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫਤਾਰੀ ਲੁਧਿਆਣਾ ਦੇ ਇੱਕ ਠੇਕੇਦਾਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੀ ਪੜਤਾਲ ਉਪਰੰਤ ਕੀਤੀ ਗਈ ਹੈ।
ਠੇਕੇਦਾਰ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਸ ਨੇ ਨਹਿਰੂ ਰੋਜ਼ ਗਾਰਡਨ, ਸਿਵਲ ਲਾਈਨਜ਼, ਲੁਧਿਆਣਾ ਵਿਖੇ ਪੁਨਰ ਨਿਰਮਾਣ ਪ੍ਰਾਜੈਕਟ ਲਈ ਟੈਂਡਰ ਦਿੱਤਾ ਸੀ। ਉਕਤ ਦੋਸ਼ੀ ਐਸ.ਈ. ਨੇ ਇਹ ਟੈਂਡਰ ਅਲਾਟ ਕਰਨ ਬਦਲੇ 10 ਫੀਸਦੀ ਕਮਿਸ਼ਨ ਦੀ ਰਿਸ਼ਵਤ ਦੀ ਮੰਗ ਕੀਤੀ। ਰਿਸ਼ਵਤ ਦੀ ਮੰਗ ਸਬੰਧੀ ਕੀਤੀ ਗਈ ਗੱਲਬਾਤ ਨੂੰ ਸ਼ਿਕਾਇਤਕਰਤਾ ਵੱਲੋਂ ਰਿਕਾਰਡ ਕਰ ਲਿਆ ਗਿਆ ਜੋਕਿ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤਾ ਗਿਆ।