ਲੁਧਿਆਣਾ ਦੇ ਕਸਬਾ ਸਮਰਾਲਾ ਦੇ ਪਿੰਡ ਘੁਲਾਲ ‘ਚ ਸਥਿਤ ਟੋਲ ਪਲਾਜ਼ਾ ਨੂੰ ਟੋਲ ਪਲਾਜ਼ਾ ਮੁਲਾਜ਼ਮਾਂ ਨੇ ਫਰੀ ਕਰ ਦਿੱਤਾ ਹੈ। ਫਰੀ ਕਰਨ ਪਿੱਛੇ ਕਾਰਨ ਹੈ। ਟੋਲ ਪਲਾਜ਼ਾ ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਨਾ ਮਿਲਣ ਕਾਰਨ ਕੰਮ ਬੰਦ ਕਰਕੇ ਕੰਪਨੀ ਖ਼ਿਲਾਫ਼ ਧਰਨਾ ਦਿੱਤਾ। ਇਸ ਦੇ ਨਾਲ ਹੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੀ ਮੁਲਾਜ਼ਮਾਂ ਦੇ ਸਮਰਥਨ ਵਿੱਚ ਆ ਗਈ ਹੈ। ਟੋਲ ਪਲਾਜ਼ਾ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ ਗਈ। ਉਦੋਂ ਤੱਕ ਟੋਲ ਪਲਾਜ਼ਾ ਨੂੰ ਫਰੀ ਰੱਖਣ ਦਾ ਐਲਾਨ ਕੀਤਾ ਗਿਆ।
ਟੋਲ ਪਲਾਜ਼ਾ ਦੇ ਪ੍ਰਬੰਧਕਾਂ ਵੱਲੋਂ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹਾਂ ਨਾ ਦੇਣ ਅਤੇ ਹੋਰ ਮੰਗਾਂ ਨੂੰ ਲੈ ਕੇ ਮੁਲਾਜ਼ਮਾਂ ਨੇ ਟੋਲ ਪਲਾਜ਼ਾ ਨੂੰ ਫਰੀ ਕਰ ਦਿੱਤਾ। ਇੱਥੇ ਕੰਮ ਕਰਦੇ ਅਮਨ ਸਿੰਘ ਅਤੇ ਕੁਲਵੀਰ ਸਿੰਘ ਨੇ ਦੱਸਿਆ ਕਿ 6 ਅਕਤੂਬਰ ਨੂੰ ਘੁਲਾਲ ਟੋਲ ਪਲਾਜ਼ਾ ’ਤੇ ਨਵੀਂ ਕੰਪਨੀ ਆਈ ਅਤੇ ਨਵਾਂ ਮੈਨੇਜਰ ਵੀ ਆਇਆ। ਜਿਸ ਤੋਂ ਬਾਅਦ ਮੈਨੇਜਰ ਨੇ ਟੋਲ ਪਲਾਜ਼ਾ ਦੇ ਸਾਰੇ ਮੁਲਾਜ਼ਮਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਸਟਾਫ਼ ਮੈਂਬਰਾਂ ਨੂੰ ਸਮੇਂ ਸਿਰ ਤਨਖ਼ਾਹਾਂ ਨਾ ਦੇਣਾ, ਟੋਲ ਪਲਾਜ਼ਾ ਦੇ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਹੱਕ ਨਾ ਦੇਣਾ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਵਾਲਾਂ ਦੇ ਜਵਾਬ ਦੇਣ ਲਈ ਉਨ੍ਹਾਂ ਨੂੰ ਧਮਕੀਆਂ ਦੇਣੀਆਂ। ਹੁਣ ਉਨ੍ਹਾਂ ਦੀਆਂ ਤਨਖਾਹਾਂ ਵੀ ਘਟਾਈਆਂ ਜਾ ਰਹੀਆਂ ਹਨ।
ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਨੇ ਦੱਸਿਆ ਕਿ ਜਦੋਂ ਟੋਲ ਪਲਾਜ਼ਾ ਮੁਲਾਜ਼ਮਾਂ ਨੇ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਸੀ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਮੈਨੇਜਰ ਨੂੰ ਲਿਖਤੀ ਪੱਤਰ ਦਿੱਤਾ ਸੀ। ਜਿਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਅੱਜ ਜਦੋਂ ਮੁਲਾਜ਼ਮਾਂ ਨੇ ਧਰਨਾ ਦਿੱਤਾ ਤਾਂ ਉਹ ਉਨ੍ਹਾਂ ਦੇ ਸਮਰਥਨ ਵਿੱਚ ਆ ਗਏ।ਘੁਲਾਲ ਟੋਲ ਪਲਾਜ਼ਾ ਦੇ ਮੈਨੇਜਰ ਰਮਨਦੀਪ ਨੇ ਦੱਸਿਆ ਕਿ ਸਟਾਫ਼ ਦੀਆਂ ਤਨਖਾਹਾਂ ਦਾ ਮਸਲਾ ਹੈ। ਤਨਖਾਹ ਮਿਲਣ ਵਿੱਚ ਦੇਰੀ ਹੋਈ ਹੈ। ਉਨ੍ਹਾਂ ਕੰਪਨੀ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲ ਕੀਤੀ ਹੈ। ਜਲਦੀ ਹੀ ਮੁਲਾਜ਼ਮਾਂ ਦੇ ਖਾਤਿਆਂ ਵਿੱਚ ਤਨਖਾਹਾਂ ਆ ਜਾਣਗੀਆਂ।