ਲੁਧਿਆਣਾ ਵਿੱਚ ਵੀਰਵਾਰ ਨੂੰ ਇੱਕ ਹੌਜ਼ਰੀ ਫੈਕਟਰੀ ਵਿੱਚ ਅਚਾਨਕ ਅੱਗ ਲੱਗ ਗਈ। ਫੈਕਟਰੀ ਦੀ ਚੌਥੀ ਮੰਜ਼ਿਲ ਤੋਂ ਅੱਗ ਦੀਆਂ ਲਪਟਾਂ ਅਤੇ ਧੂੰਆਂ ਨਿਕਲਦਾ ਦੇਖ ਕੇ ਲੋਕਾਂ ਨੇ ਪਹਿਲਾਂ ਖੁਦ ਇਸ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਫਿਰ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।
ਇਹ ਫੈਕਟਰੀ ਇਸਲਾਮੀਆ ਸਕੂਲ ਦੇ ਕੋਲ ਬਣੀ ਹੈ। ਅੱਗ ਨਾਲ ਲੱਖਾਂ ਰੁਪਏ ਦਾ ਧਾਗਾ ਸੜ ਕੇ ਸੁਆਹ ਹੋ ਗਿਆ। ਮੌਕੇ ‘ਤੇ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋ ਗਏ। ਪੁਲੀਸ ਚੌਂਕੀ ਡਿਵੀਜ਼ਨ ਨੰਬਰ 3 ਦੀ ਪੁਲੀਸ ਨੇ ਲੋਕਾਂ ਨੂੰ ਉਥੋਂ ਹਟਾ ਦਿੱਤਾ। ਬਾਅਦ ਵਿੱਚ ਅੰਦਰ ਫਸੇ ਮਜ਼ਦੂਰ ਨੂੰ ਬਾਹਰ ਕੱਢਿਆ ਗਿਆ। ਫਾਇਰ ਕਰਮੀਆਂ ਨੇ ਡੇਢ ਘੰਟੇ ਵਿੱਚ ਅੱਗ ’ਤੇ ਕਾਬੂ ਪਾਇਆ। ਫਿਲਹਾਲ ਪਤਾ ਲੱਗਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ।