ਨਵੇਂ ਸਾਲ ਦੇ ਪਹਿਲੇ 2 ਮਹੀਨਿਆਂ ‘ਚ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਆਪਣੀ ਚੋਣ ਮੁਹਿੰਮ ਤੇਜ਼ ਕਰ ਦਿੱਤੀ ਹੈ। ਇਸੇ ਲੜੀ ਤਹਿਤ ਲੁਧਿਆਣਾ ਵਿੱਚ ਆਪਣਾ ਮੇਅਰ ਬਣਾਉਣ ਲਈ ਦੂਜੀਆਂ ਪਾਰਟੀਆਂ ਦੇ ਜੇਤੂ ਕੌਂਸਲਰਾਂ ਨੂੰ ਨਿਸ਼ਾਨਾ ਬਣਾ ਰਹੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਸਾਰੇ ਵਿਧਾਇਕਾਂ ਦੇ ਨਾਲ ਨਵੇਂ ਚੁਣੇ ਕੌਂਸਲਰਾਂ ਦੀ ਵੱਖ-ਵੱਖ ਵਿਧਾਨ ਸਭਾ ਵਿੱਚ ਡਿਊਟੀਆਂ ਲਗਾ ਕੇ ਚੋਣ ਪ੍ਰਚਾਰ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ। ਦਿੱਲੀ ਦੇ ਹਲਕਿਆਂ ‘ਚ ‘ਆਪ’ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਖੇਤਰਾਂ ‘ਚ ਜਾ ਕੇ ਮੀਟਿੰਗਾਂ ਕਰਨ ਦੇ ਨਾਲ-ਨਾਲ ਘਰ-ਘਰ ਪ੍ਰਚਾਰ ਕਰਨਾ ਹੋਵੇਗਾ। ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ‘ਆਪ’ ਹਾਈਕਮਾਂਡ ਨੇ ਪੰਜਾਬ ਵਿਚ ਪਾਰਟੀ ਦੇ ਸੰਗਠਨ ਅਤੇ ਵਿਧਾਇਕਾਂ ਤੋਂ ਵੱਖ-ਵੱਖ ਨਾਵਾਂ ਦੀਆਂ ਸੂਚੀਆਂ ਮੰਗੀਆਂ ਸਨ, ਜਿਸ ਦੇ ਆਧਾਰ ‘ਤੇ ਪਾਰਟੀ ਨੇ ਨਵੇਂ ਚੁਣੇ ਕੌਂਸਲਰਾਂ ਨੂੰ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿਚ ਆ ਕੇ ਚੋਣ ਪ੍ਰਚਾਰ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ।
‘ਆਪ’ ਹਾਈਕਮਾਂਡ ਨੇ ਸੰਗਠਨ ਨੂੰ ਆਪਣੇ ਉਨ੍ਹਾਂ ਚਿਹਰਿਆਂ ਨੂੰ ਦਿੱਲੀ ਚੋਣ ਪ੍ਰਚਾਰ ਲਈ ਭੇਜਣ ਲਈ ਕਿਹਾ ਹੈ, ਜਿਨ੍ਹਾਂ ਨੇ 2020 ‘ਚ ਪਹਿਲਾਂ ਦਿੱਲੀ ਅਤੇ ਫਿਰ 2022 ‘ਚ ਪੰਜਾਬ ‘ਚ ਸਰਕਾਰ ਬਣਾਉਣ ਲਈ ਸਖ਼ਤ ਮਿਹਨਤ ਕੀਤੀ ਸੀ ਪਰ ਪਾਰਟੀ ਸੂਤਰਾਂ ਮੁਤਾਬਿਕ ਇਸ ਲਈ ਹੁਣ ਕਈ ਵਲੰਟੀਅਰਾਂ ਨੇ ਦਿੱਲੀ ਵਿੱਚ ਪ੍ਰਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦਾ ਕਾਰਨ ਨਿਗਮ ਚੋਣਾਂ ਵਿੱਚ ਵਿਧਾਇਕਾਂ ਦੇ ਚਹੇਤਿਆਂ ਨੂੰ ਟਿਕਟਾਂ ਦੇ ਕੇ ਮੈਦਾਨ ਵਿੱਚ ਉਤਾਰਨਾ ਦੱਸਿਆ ਜਾ ਰਿਹਾ ਹੈ।
ਹੁਣ ਵਲੰਟੀਅਰਾਂ ਨੇ ਪਾਰਟੀ ਨੂੰ ਕਿਹਾ ਹੈ ਕਿ ਵਿਧਾਇਕ ਉਨ੍ਹਾਂ ਚਿਹਰਿਆਂ ਦੀ ਗੱਲ ਸੁਣਨ ਜਿਨ੍ਹਾਂ ਨੂੰ ਕੌਂਸਲਰ ਬਣਾਉਣ ਲਈ ਟਿਕਟਾਂ ਦਿੱਤੀਆਂ ਗਈਆਂ ਸਨ, ਹੁਣ ਪਾਰਟੀ ਉਨ੍ਹਾਂ ਚਿਹਰਿਆਂ ਨੂੰ ਹੀ ਦਿੱਲੀ ਲਿਜਾ ਕੇ ਚੋਣ ਪ੍ਰਚਾਰ ਕਰੇ। ਭਾਵੇਂ ਪਾਰਟੀ ਦੇ ਕਈ ਸੀਨੀਅਰ ਆਗੂ ਅਜੇ ਵੀ ਵਲੰਟੀਅਰਾਂ ਦੀ ਨਰਾਜ਼ਗੀ ਦੂਰ ਕਰਨ ਵਿੱਚ ਰੁੱਝੇ ਹੋਏ ਹਨ ਪਰ ਪਾਰਟੀ ਵੱਲੋਂ ਦਿੱਲੀ ਚੋਣ ਪ੍ਰਚਾਰ ਲਈ ਵਿਧਾਇਕਾਂ ਨੂੰ ਭੇਜੀਆਂ ਗਈਆਂ ਸੂਚੀਆਂ ਵਿੱਚ ‘ਆਪ’ ਦੀ ਟਿਕਟ ‘ਤੇ ਨਿਗਮ ਚੋਣਾਂ ਲੜਨ ਵਾਲੇ ਸਾਰੇ ਚਿਹਰਿਆਂ ਦੇ ਨਾਂ ਸ਼ਾਮਲ ਹਨ।
ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਪੁੱਜ ਕੇ ਸਥਾਨਕ ਹਲਕਾ ਇੰਚਾਰਜਾਂ ਨੂੰ ਰਿਪੋਰਟ ਕਰਨ ਲਈ ਕਿਹਾ ਗਿਆ ਹੈ। ਸੰਗਠਨ ਨੇ ਆਪਣੇ ਕਈ ਵਲੰਟੀਅਰਾਂ ਨੂੰ ਚੋਣ ਪ੍ਰਚਾਰ ਲਈ ਦਿੱਲੀ ਵੀ ਭੇਜਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਰੇਕ ਵਿਧਾਇਕ ਨੂੰ 25 ਤੋਂ 36 ਵਿਅਕਤੀਆਂ ਦੀ ਵੱਖਰੀ ਸੂਚੀ ਦਿੱਤੀ ਗਈ ਹੈ, ਜਿਨ੍ਹਾਂ ਨੂੰ ਚੋਣ ਪ੍ਰਚਾਰ ਲਈ ਦਿੱਲੀ ਭੇਜਣਾ ਹੋਵੇਗਾ।