ਪੁਲਿਸ ਨੇ ਆਪਣੇ ਪੱਧਰ ’ਤੇ ਜਾਂਚ ਲਈ ਬਣਾਈ SIT
ਦਿ ਸਿਟੀ ਹੈਡਲਾਈਨ
ਲੁਧਿਆਣਾ, 1 ਦਸੰਬਰ
ਸਾਹਨੇਵਾਲ ਦੋਰਾਹਾ ਰੋਡ ’ਤੇ ਸਥਿਤ ਟਿੱਬਾ ਪੁੱਲ ਨੇੜੇ ਬੁੱਧਵਾਰ ਦੀ ਦੇਰ ਸ਼ਾਮ ਨੂੰ ਪੁਲੀਸ ਮੁਕਾਬਲੇ ’ਚ ਮਾਰੇ ਗਏ ਗੈਂਗਸਟਰ ਸੰਜੀਵ ਕੁਮਾਰ ਉਰਫ਼ ਸੰਜੂ ਬਾਮਣ ਤੇ ਸ਼ੁਭਮ ਉਰਫ਼ ਗੋਪੀ ਦੇ ਮਾਮਲੇ ਵਿੱਚ ਹੁਣ ਮੈਜਿਸਟ੍ਰੇਟ ਜਾਂਚ ਵੀ ਕਰਵਾਈ ਜਾਏਗੀ। ਇਸ ਤੋਂ ਇਲਾਵਾ ਲੁਧਿਆਣਾ ਪੁਲਿਸ ਨੇ ਜੁਆਇੰਟ ਪੁਲੀਸ ਕਮਿਸ਼ਨਰ ਦਿਹਾਤੀ ਜਸਕਿਰਨਜੀਤ ਸਿੰਘ ਤੇਜਾ ਦੀ ਅਗਵਾਈ ’ਚ ਇੱਕ ਐਸਆਈਟੀ ਬਣਾਈ ਗਈ ਹੈ। ਜੋ ਇਸ ਪੂਰੇ ਮਾਮਲੇ ਦੀ ਜਾਂਚ ਕਰਨਗੇ ਅਤੇ ਇਸਦੀ ਰਿਪੋਰਟ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨੂੰ ਦੇਵੇਗੀ। ਵੀਰਵਾਰ ਨੂੰ ਵੀ ਪੁਲੀਸ ਮੁਕਾਬਲੇ ਵਾਲੀ ਜਗ੍ਹਾ ’ਤੇ ਪੁਲੀਸ ਦੀਆਂ ਗੱਡੀਆਂ ਘੁੰਮਦੀਆਂ ਰਹੀਆਂਂ ਜਿਸ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਫੈਲ ਗਈ ਕਿ ਇੱਥੇ ਸ਼ਹਿਰ ਦੇ 2 ਵੱਡੇ ਗੈਂਗਸਟਰਾਂ ਦਾ ਮੁਕਾਬਲਾ ਹੋਇਆ ਹੈ।
ਪੁਲੀਸ ਕਮਿਸ਼ਨਰ ਕੁਲਦੀਪ ਚਾਹਲ ਨੇ ਦੱਸਿਆ ਕਿ ਜੇਕਰ ਕਿਸੇ ਥਾਂ ’ਤੇ ਕੋਈ ਪੁਲੀਸ ਮੁਕਾਬਲਾ ਹੁੰਦਾ ਹੈ ਤਾਂ ਉਸ ’ਚ ਮੈਜਿਸ੍ਰੇਟ ਜਾਂਚ ਜ਼ਰੂਰੀ ਹੈ। ਜਿਸ ਬਾਰੇ ਡਿਪਟੀ ਕਮਿਸ਼ਨਰ ਲਧਿਆਣਾ ਸੁਰਭੀ ਮਲਿਕ ਨੂੰ ਲਿਖਤੀ ਭੇਜਿਆ ਗਿਆ ਹੈ ਕਿ ਇਸ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਕਰਵਾਈ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਹੁਣ ਐਸਆਈਟੀ ਵੀ ਕਰੇਗੀ। ਜਿਸ ’ਚ ਜੁਆਇੰਟ ਪੁਲੀਸ ਕਮਿਸ਼ਨਰ ਜਸਕਿਰਨਜੀਤ ਸਿੰਘ ਤੇਜਾ, ਏਡੀਸੀਪੀ ਕਾਸਿਮ ਸੋਹੇਲ ਮੀਰ, ਏਡੀਸੀਪੀ ਕ੍ਰਾਈਮ ਤੇ ਥਾਣਾ ਡੇਹਲੋਂ ਦੇ ਐਸ.ਐਚ.ਓ. ਨੂੰ ਸ਼ਾਮਲ ਕੀਤਾ ਗਿਆ ਹੈ।