ਲੁਧਿਆਣਾ, 25 ਅਗਸਤ : ਸਥਾਨਿਕ ਸ਼ਿਵ ਪੁਰੀ ਚੌਕ ‘ਚ ਅੱਜ ਫੌਜ ਦੀ ਜੀਪ ਦਾ ਟਰੱਕ ਨਾਲ ਭਿਆਨਕ ਹਾਦਸੇ ਹੋ ਗਿਆ। ਹਾਦਸੇ ਵਿੱਚ ਜੀਪ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਖੁਸ਼ਕਿਸਮਤੀ ਇਹ ਰਹੀ ਕਿ ਜੀਪ ਵਿਚ ਸਵਾਰ ਪੰਜ ਜਵਾਨ ਵਾਲ ਵਾਲ ਬਚ ਗਏ। ਫੌਜੀ ਜੀਪ ਦਾ ਬੰਪਰ ਅਤੇ ਇੰਜਣ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਟਰੱਕ ਚਾਲਕ ਨੂੰ ਫੜ ਕੇ ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ ’ਤੇ ਮੌਜੂਦ ਸਾਹਿਲ ਕੁਮਾਰ ਨੇ ਦੱਸਿਆ ਕਿ ਫੌਜੀ ਗੱਡੀ ਫਿਲੌਰ ਵਾਲੇ ਪਾਸੇ ਤੋਂ ਸਿੱਧੀ ਆ ਰਹੀ ਸੀ। ਅਚਾਨਕ ਕਸ਼ਮੀਰ ਨੰਬਰ ਟਰੱਕ ਡਰਾਈਵਰ ਨੇ ਤੇਜ਼ ਰਫਤਾਰ ਨਾਲ ਫੌਜੀ ਜੀਪ ਨੂੰ ਸਾਈਡ ਮਾਰ ਦਿੱਤੀ। ਜਿਸ ਕਾਰਨ ਜੀਪ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਸਿਪਾਹੀ ਸੁਰੱਖਿਅਤ ਬਾਹਰ ਆ ਗਏ ਸਨ। ਟਰੱਕ ਡਰਾਈਵਰ ਅਨੁਸਾਰ ਇਹ ਹਾਦਸਾ ਇਸ ਲਈ ਵਾਪਰਿਆ ਕਿਉਂਕਿ ਫੌਜ ਦੀ ਗੱਡੀ ਗਲਤ ਸਾਈਡ ਤੋਂ ਆ ਰਹੀ ਸੀ।
ਥਾਣਾ ਬਸਤੀ ਜੋਧੇਵਾਲ ਦੇ ਏਐਸਆਈ ਕਰਮਜੀਤ ਸਿੰਘ ਨੇ ਦੱਸਿਆ ਕਿ ਹਾਦਸਾ ਜ਼ਰੂਰ ਵਾਪਰਿਆ ਹੈ ਪਰ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਫਿਲਹਾਲ ਟਰੱਕ ਡਰਾਈਵਰ ਨੂੰ ਕਾਬੂ ਕਰ ਲਿਆ ਗਿਆ ਹੈ। ਦੋਵਾਂ ਧਿਰਾਂ ਨੂੰ ਬੁਲਾ ਕੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਘਟਨਾ ਵਾਲੀ ਥਾਂ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾਵੇਗੀ। ਇਹ ਟਰੱਕ ਸ਼੍ਰੀਨਗਰ ਤੋਂ ਦਿੱਲੀ ਜਾ ਰਿਹਾ ਸੀ।