24 ਮਾਰਚ ਨੂੰ ਪੰਜਾਬ ਦੇ ਪਟਿਆਲਾ ਵਿੱਚ ਕੇਕ ਖਾਣ ਨਾਲ ਇੱਕ ਲੜਕੀ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਸੂਬੇ ਦੇ ਸਿਹਤ ਵਿਭਾਗ ਨੇ ਪੂਰੇ ਸੂਬੇ ਵਿੱਚ ਹੁਕਮ ਜਾਰੀ ਕੀਤੇ ਹਨ ਕਿ ਬੇਕਰੀ ਦਾ ਕਾਰੋਬਾਰ ਕਰਨ ਵਾਲੇ ਸਾਰੇ ਵਿਅਕਤੀਆਂ ਦੀ ਚੈਕਿੰਗ ਕੀਤੀ ਜਾਵੇ। ਉਸ ਜਗ੍ਹਾ ਦੀ ਵੀਡੀਓਗ੍ਰਾਫੀ ਕਰੋ ਜਿੱਥੇ ਕੇਕ ਤਿਆਰ ਕੀਤਾ ਜਾ ਰਿਹਾ ਹੈ ਅਤੇ ਤੁਰੰਤ ਇਸ ਨੂੰ ਰੈੱਡ ਟੀਮ ਦੇ ਅਧਿਕਾਰੀਆਂ ਦੇ ਵਟਸਐਪ ਗਰੁੱਪ ਵਿੱਚ ਅਪਲੋਡ ਕਰੋ।
ਲੁਧਿਆਣਾ ਦੀ ਗੱਲ ਕਰੀਏ ਤਾਂ 2 ਦਿਨਾਂ ‘ਚ ਅਧਿਕਾਰੀਆਂ ਨੇ 7 ਬੇਕਰੀਆਂ ‘ਤੇ ਛਾਪੇਮਾਰੀ ਕਰਕੇ ਚੈਕਿੰਗ ਕੀਤੀ। ਜਾਣਕਾਰੀ ਦਿੰਦਿਆਂ ਸੰਯੁਕਤ ਕਮਿਸ਼ਨਰ ਫੂਡ ਸੇਫਟੀ ਡਾ: ਹਰਜੋਤਪਾਲ ਸਿੰਘ ਨੇ ਦੱਸਿਆ ਕਿ ਸੋਮਵਾਰ ਅਤੇ ਮੰਗਲਵਾਰ ਨੂੰ ਸੂਬੇ ਭਰ ਤੋਂ ਕੇਕ ਦੇ ਸੈਂਪਲ ਲਏ ਗਏ ਹਨ। ਲੈਬ ਤੋਂ ਸੈਂਪਲਾਂ ਦੀ ਜੋ ਵੀ ਰਿਪੋਰਟ ਆਵੇਗੀ, ਉਸ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਲੁਧਿਆਣਾ ‘ਚ ਵੀ ਡੀਐੱਚਓ ਡਾ: ਰਿਪੁਦਮਨ ਕੌਰ ਦੀ ਅਗਵਾਈ ‘ਚ ਫੂਡ ਟੀਮ ਨੇ ਸ਼ਹਿਰੀ ਖੇਤਰਾਂ ‘ਚੋਂ ਕੇਕ ਦੇ 3 ਸੈਂਪਲ ਲਏ ਸਨ। ਡੀਐਚਓ ਨੇ ਦੱਸਿਆ ਕਿ ਟੀਮ ਨੇ ਦੋ ਦਿਨਾਂ ਵਿੱਚ ਸੱਤ ਬੇਕਰੀਆਂ ਦੀ ਚੈਕਿੰਗ ਕੀਤੀ ਹੈ। ਹੁਣ ਤੱਕ ਕੁੱਲ 6 ਸੈਂਪਲ ਭਰੇ ਜਾ ਚੁੱਕੇ ਹਨ। ਬੇਕਰੀ ਸੰਚਾਲਕਾਂ ਨੂੰ ਅਪੀਲ ਹੈ ਕਿ ਉਹ ਖਾਣ-ਪੀਣ ਦੀਆਂ ਵਸਤੂਆਂ ਬਣਾਉਂਦੇ ਸਮੇਂ ਸਫ਼ਾਈ ਦਾ ਧਿਆਨ ਰੱਖਣ।