ਲੁਧਿਆਣਾ, 13 ਅਗਸਤ : ਨਸ਼ਿਆਂ ਲਈ ਜਾਣੇ ਜਾਂਦੇ ਇਲਾਕਾ ਸੰਜੇ ਗਾਂਧੀ ਕਾਲੋਨੀ ‘ਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਨਸ਼ਿਆਂ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਪੁਲਿਸ ਤੋਂ ਮੰਗ ਕੀਤੀ ਕਿ ਇੱਥੇ ਖੁੱਲ੍ਹੇਆਮ ਵਿਕ ਰਹੇ ਨਸ਼ੇ ਨੂੰ ਖਤਮ ਕੀਤਾ ਜਾਵੇ।
ਅੱਜ ਸੰਜੇ ਗਾਂਧੀ ਕਾਲੋਨੀ ਦੀਆਂ ਔਰਤਾਂ ਨੇ ਘਰਾਂ ਤੋਂ ਬਾਹਰ ਆ ਕੇ ਨਸ਼ਿਆ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਕੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੂੰ ਨਸ਼ਾ ਛੁਡਾਊ ਕੇਂਦਰ ਹਟਾਉਣ ਦੀ ਮੰਗ ਕੀਤੀ। ਔਰਤਾਂ ਨੇ ਦੋਸ਼ ਲਗਾਇਆ ਕਿ ਨੌਜਵਾਨ ਨਸ਼ਾ ਛੱਡਣ ਦੀ ਬਜਾਏ ਇੱਥੇ ਖੋਲ੍ਹੇ ਗਏ ਨਸ਼ਾ ਛੁਡਾਊ ਕੇਂਦਰ ਵਿੱਚ ਆਉਂਦੇ ਹਨ। ਜੋ ਇਲਾਕੇ ਵਿੱਚ ਸਾਰਾ ਦਿਨ ਨਸ਼ੇ ਦਾ ਸੇਵਨ ਕਰਦੇ ਹਨ। ਜੋ ਕਿਸੇ ਦੀ ਪਰਵਾਹ ਨਹੀਂ ਕਰਦੇ।
ਪ੍ਰਦਰਸ਼ਨਕਾਰੀ ਔਰਤਾਂ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ‘ਚ ਨਸ਼ੇ ਦਾ ਬੋਲਬਾਲਾ ਹੈ। ਨੌਜਵਾਨ ਸਵੇਰੇ-ਸਵੇਰੇ ਇਲਾਕੇ ‘ਚ ਪਹੁੰਚ ਜਾਂਦੇ ਹਨ ਅਤੇ ਬਿਨਾਂ ਕਿਸੇ ਡਰ ਦੇ ਨਸ਼ੇ ਦਾ ਸੇਵਨ ਕਰਦੇ ਹਨ। ਪ੍ਰਦਰਸ਼ਨ ਕਰ ਰਹੀਆਂ ਔਰਤਾਂ ਨੇ ਦੋਸ਼ ਲਾਇਆ ਕਿ ਇੱਥੋਂ ਦੇ ਨੌਜਵਾਨ ਬਿਨਾਂ ਕਿਸੇ ਡਰ ਦੇ ਸਰਿੰਜਾਂ ਦੀ ਵਰਤੋਂ ਕਰਦੇ ਹਨ। ਜਿਨ੍ਹਾਂ ਨੂੰ ਕਿਸੇ ਦਾ ਡਰ ਨਹੀਂ ਹੈ।ਉਹ ਕਈ ਵਾਰ ਪੁਲੀਸ ਕੋਲ ਪਹੁੰਚ ਕਰ ਚੁੱਕੇ ਹਨ ਪਰ ਪੁਲੀਸ ਇੱਥੇ ਕੋਈ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਦੇ ਇਲਾਕੇ ‘ਚ ਖੁੱਲ੍ਹੇਆਮ ਨਸ਼ਾ ਵਿਕਦਾ ਹੈ ਅਤੇ ਨੌਜਵਾਨ ਇੱਥੇ ਆ ਕੇ ਨਸ਼ੇ ਦਾ ਸੇਵਨ ਕਰਦੇ ਹਨ। ਪਰ ਜਦੋਂ ਉਹ ਰੁਕਣ ਤੋਂ ਇਨਕਾਰ ਕਰਦੇ ਹਨ ਤਾਂ ਨਸ਼ੇੜੀ ਨੌਜਵਾਨ ਉਨ੍ਹਾਂ ਨੂੰ ਧਮਕੀਆਂ ਦਿੰਦੇ ਹਨ।
ਸੰਜੇ ਗਾਂਧੀ ਕਲੋਨੀ ਵਿੱਚ ਇੱਕ ਨਸ਼ਾ ਛੁਡਾਊ ਕੇਂਦਰ ਖੋਲ੍ਹਿਆ ਗਿਆ ਹੈ। ਪਰ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਨਸ਼ਾ ਖੁੱਲ੍ਹੇਆਮ ਅੰਦਰੋਂ ਹੀ ਮਿਲਦਾ ਹੈ। ਔਰਤਾਂ ਨੇ ਮੰਗ ਕੀਤੀ ਹੈ ਕਿ ਇਸ ਕੇਂਦਰ ਨੂੰ ਇੱਥੋਂ ਹਟਾਇਆ ਜਾਵੇ। ਕਿਉਂਕਿ ਜਦੋਂ ਤੋਂ ਇੱਥੇ ਨਸ਼ਾ ਛੁਡਾਊ ਕੇਂਦਰ ਖੋਲ੍ਹਿਆ ਗਿਆ ਹੈ, ਉਦੋਂ ਤੋਂ ਹੀ ਇਨ੍ਹਾਂ ਦਾ ਇਲਾਕਾ ਨਸ਼ਿਆਂ ਲਈ ਬਦਨਾਮ ਹੋ ਗਿਆ ਹੈ। ਇੱਥੇ ਨਸ਼ੇੜੀ ਲੋਕ ਆਪਣਾ ਨਸ਼ਾ ਛੁਡਾਉਣ ਲਈ ਲੈ ਕੇ ਆਉਂਦੇ ਹਨ ਪਰ ਇੱਥੇ ਨਸ਼ਾ ਖੁੱਲ੍ਹੇਆਮ ਹੁੰਦਾ ਹੈ।
ਪ੍ਰਦਰਸ਼ਨਕਾਰੀਆਂ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੂੰ ਨਸ਼ਾ ਛੁਡਾਊ ਕੇਂਦਰ ਹਟਾਉਣ ਦੀ ਮੰਗ ਕੀਤੀ। ਸੂਚਨਾ ਮਿਲਦਿਆਂ ਹੀ ਐਸਆਈ ਸੁਖਵਿੰਦਰ ਸਿੰਘ ਆਪਣੀ ਟੀਮ ਸਮੇਤ ਮੌਕੇ ’ਤੇ ਪੁੱਜੇ। ਲੋਕਾਂ ਨੇ ਪੁਲਿਸ ਨੂੰ ਮੌਕੇ ਤੋਂ ਸੂਈਆਂ ਅਤੇ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕਰਵਾਈਆਂ। ਇਸ ਦੇ ਬਾਵਜੂਦ ਪੁਲਿਸ ਨੇ ਕਿਹਾ ਕਿ ਉਹ ਜਾਂਚ ਕਰ ਰਹੇ ਹਨ ਅਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।