ਹੈਬੋਵਾਲ ਦੇ ਦੁਰਗਾਪੁਰੀ ਇਲਾਕੇ ਵਿੱਚ ਮੋਟਰਸਾਈਕਲ ‘ਤੇ ਸਵਾਰ ਦੋ ਲੁਟੇਰਿਆਂ ਨੇ ਘਰ ਦੇ ਬਾਹਰ ਖੜ੍ਹੀ ਇੱਕ ਔਰਤ ਦੇ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਖੋਹ ਲਈਆਂ ਅਤੇ ਫਰਾਰ ਹੋ ਗਏ। ਜਦੋਂ ਤੱਕ ਔਰਤ ਨੇ ਸ਼ੋਰ ਮਚਾਇਆ ਲੁਟੇਰੇ ਨਜ਼ਰਾਂ ਤੋਂ ਗਾਇਬ ਹੋ ਗਏ। ਸੂਚਨਾ ਮਿਲਣ ‘ਤੇ ਹੈਬੋਵਾਲ ਥਾਣੇ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਦੁਰਗਾਪੁਰੀ ਗਲੀ ਨੰਬਰ 10 ਦੇ ਵਸਨੀਕ ਗੁਰਚਰਨ ਸਿੰਘ ਦੀ ਪਤਨੀ ਪਰਮਜੀਤ ਕੌਰ ਦੇ ਬਿਆਨ ‘ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।
ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਪਰਮਜੀਤ ਕੌਰ ਨੇ ਕਿਹਾ ਕਿ ਉਹ ਸ਼ਾਮ 4 ਵਜੇ ਦੇ ਕਰੀਬ ਆਪਣੇ ਘਰ ਦੇ ਗੇਟ ‘ਤੇ ਖੜ੍ਹੀ ਸੀ ਜਦੋਂ ਦੋ ਨੌਜਵਾਨ ਮੋਟਰਸਾਈਕਲ ‘ਤੇ ਆਏ। ਜੋ ਉਸਦੇ ਨੇੜੇ ਆ ਕੇ ਰੁਕ ਗਏ। ਪਿੱਛੇ ਬੈਠਾ ਨੌਜਵਾਨ ਉਸ ਕੋਲ ਆਇਆ ਅਤੇ ਦੂਜਾ ਮੋਟਰਸਾਈਕਲ ਸਟਾਰਟ ਕਰਕੇ ਉੱਥੇ ਹੀ ਖੜ੍ਹਾ ਹੋ ਗਿਆ। ਨੇੜੇ ਆਏ ਨੌਜਵਾਨ ਨੇ ਉਸ ਦੇ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਖੋਹ ਲਈਆਂ ਅਤੇ ਦੋਵੇਂ ਭੱਜ ਗਏ। ਜਾਂਚ ਅਧਿਕਾਰੀ ਨੇ ਕਿਹਾ ਕਿ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।