ਚਾਟੀਵਿੰਡ ਦੇ ਪਿੰਡ ਇੱਬਨ ਕਲਾਂ ਦੇ ਇੱਕ ਕੋਲਡ ਸਟੋਰ ਵਿੱਚ ਦੋ ਕਰੋੜ ਤੋਂ ਵੱਧ ਦੇ ਸੁੱਕੇ ਮੇਵੇ ਸਨ। ਦੋ ਟਰੱਕਾਂ ਵਿੱਚ ਸਵਾਰ 35-40 ਵਿਅਕਤੀਆਂ ਨੇ ਕੋਲਡ ਸਟੋਰ ਵਿੱਚ ਰੱਖੇ ਦੋ ਕਰੋੜ ਤੋਂ ਵੱਧ ਦੇ ਸੁੱਕੇ ਮੇਵੇ ਲੁੱਟ ਲਏ। ਮੁਲਜ਼ਮ ਜਿਵੇਂ ਹੀ ਕੋਲਡ ਸਟੋਰ ਵਿੱਚ ਦਾਖ਼ਲ ਹੋਏ ਤਾਂ ਉਨ੍ਹਾਂ ਨੇ ਉੱਥੇ ਤਾਇਨਾਤ ਚਾਰ ਸੁਰੱਖਿਆ ਮੁਲਾਜ਼ਮਾਂ ਨੂੰ ਬੰਦੂਕ ਦੀ ਨੋਕ ’ਤੇ ਬੰਧਕ ਬਣਾ ਲਿਆ। ਮਜੀਠਾ ਮੰਡੀ ਦੇ ਸੌ ਤੋਂ ਵੱਧ ਵਪਾਰੀਆਂ ਦਾ ਮਾਲ ਕੋਲਡ ਸਟੋਰ ਵਿੱਚ ਰੱਖੇ ਹੋਣ ਦਾ ਖੁਲਾਸਾ ਹੋਇਆ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਡੀਐਸਪੀ ਯਾਦਵਿੰਦਰ ਸਿੰਘ ਪੁਲੀਸ ਪਾਰਟੀ ਨਾਲ ਮੌਕੇ ’ਤੇ ਪੁੱਜੇ। ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਕੋਲਡ ਸਟੋਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਵੀ ਆਪਣੇ ਨਾਲ ਲੈ ਗਏ।
ਮਿਲੀ ਜਾਣਕਾਰੀ ਅਨੁਸਾਰ ਐਸਐਸਪੀ ਚਰਨਜੀਤ ਸਿੰਘ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੁਲਜ਼ਮਾਂ ਦਾ ਪਤਾ ਲਗਾ ਕੇ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਕੋਲਡ ਸਟੋਰ ਦੇ ਮਾਲਕ ਹੈਪੀ ਅਰੋੜਾ ਨੇ ਦੱਸਿਆ ਕਿ ਇੱਬਨ ਕਲਾਂ ਵਿੱਚ ਉਨ੍ਹਾਂ ਦਾ ਕੋਲਡ ਸਟੋਰ ਹੈ। ਮਜੀਠਾ ਮੰਡੀ ਦੀ ਕਰਿਆਨਾ ਐਸੋਸੀਏਸ਼ਨ ਦੇ ਸੌ ਤੋਂ ਵੱਧ ਵਪਾਰੀਆਂ ਨੇ ਇਸ ਸਟੋਰ ਵਿੱਚ ਆਪਣਾ ਕਰੋੜਾਂ ਦਾ ਮਾਲ ਰੱਖਿਆ ਹੋਇਆ ਹੈ। ਸਟੋਰ ਦੀ ਸੁਰੱਖਿਆ ਲਈ ਨਿੱਜੀ ਸੁਰੱਖਿਆ ਕਰਮਚਾਰੀ ਵੀ ਤਾਇਨਾਤ ਕੀਤੇ ਗਏ ਹਨ। ਮੰਗਲਵਾਰ ਅੱਧੀ ਰਾਤ ਨੂੰ ਦੋ ਟਰੱਕਾਂ ‘ਤੇ ਸਵਾਰ 35-40 ਹਥਿਆਰਬੰਦ ਲੁਟੇਰੇ ਕਿਸੇ ਤਰ੍ਹਾਂ ਉਸ ਦੇ ਕੋਲਡ ਸਟੋਰ ‘ਚ ਦਾਖਲ ਹੋ ਗਏ।
ਮੁਲਜ਼ਮਾਂ ਨੇ ਪਿਸਤੌਲ ਅਤੇ ਤੇਜ਼ਧਾਰ ਹਥਿਆਰਾਂ ਦੀ ਮਦਦ ਨਾਲ ਸੁਰੱਖਿਆ ਮੁਲਾਜ਼ਮਾਂ ਨੂੰ ਬੰਧਕ ਬਣਾ ਲਿਆ ਅਤੇ ਫਿਰ ਤੇਜ਼ੀ ਨਾਲ ਬੋਰੀਆਂ ਨੂੰ ਟਰੱਕਾਂ ਵਿੱਚ ਲੱਦਣਾ ਸ਼ੁਰੂ ਕਰ ਦਿੱਤਾ। 2 ਵਜੇ ਤੋਂ 4 ਵਜੇ ਤੱਕ ਮੁਲਜ਼ਮ ਲੁੱਟ-ਖੋਹ ਕਰਦੇ ਰਹੇ ਅਤੇ ਸਾਮਾਨ ਆਪਣੇ ਟਰੱਕਾਂ ਵਿੱਚ ਲੱਦਦੇ ਰਹੇ। ਪਤਾ ਲੱਗਾ ਹੈ ਕਿ ਲੁਟੇਰੇ ਬਦਾਮ, ਅੰਜੀਰ, ਇਲਾਇਚੀ ਅਤੇ ਹੋਰ ਕਿਸਮ ਦੇ ਸੁੱਕੇ ਮੇਵੇ ਚੋਰੀ ਕਰਕੇ ਲੈ ਗਏ।