ਵਾਤਾਵਰਣ ਨੂੰ ਸਾਫ਼-ਸੁਥਰਾ ਅਤੇ ਹਰਿਆ ਭਰਿਆ ਬਣਾਉਣ ਲਈ ਕਈ ਅਹਿਮ ਪਹਿਲਕਦਮੀਆਂ ਦਾ ਐਲਾਨ ਕਰਦੇ ਹੋਏ, ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਹਾਈਵੇਅ ਦੇ ਦੋਵੇਂ ਪਾਸੇ ਫੁੱਲਾਂ ਵਾਲੇ ਬੂਟੇ ਲਗਾਉਣ ਵਾਲੇ ਇੱਕ ਪਾਇਲਟ ਪ੍ਰੋਜੈਕਟ ਦਾ ਐਲਾਨ ਕੀਤਾ। ਇੱਕ ਸੂਬਾ ਪੱਧਰੀ ਵਿਸ਼ੇਸ਼ ਕਮੇਟੀ ਇਸ ਪ੍ਰੋਜੈਕਟ ਦੀ ਨਿਗਰਾਨੀ ਕਰੇਗੀ ਅਤੇ ਸਮੇਂ-ਸਮੇਂ ਇਸਦੀ ਸਮੀਖਿਆ ਵੀ ਕਰੇਗੀ।
ਮੁੱਢਲੇ ਗੇੜ ਵਿੱਚ, ਇਹ ਪ੍ਰੋਜੈਕਟ 5 ਜ਼ਿਲ੍ਹਿਆਂ: ਰੋਪੜ (ਵਿਸ਼ੇਸ਼ ਤੌਰ ‘ਤੇ ਸ੍ਰੀ ਆਨੰਦਪੁਰ ਸਾਹਿਬ ), ਸ਼ਹੀਦ ਭਗਤ ਸਿੰਘ ਨਗਰ (ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਦੇ ਆਲੇ-ਦੁਆਲੇ ਦੇ ਖੇਤਰ ਵਿੱਚ ), ਸੰਗਰੂਰ, ਪਠਾਨਕੋਟ ਅਤੇ ਅੰਮ੍ਰਿਤਸਰ ਵਿੱਚ ਲਾਗੂ ਕੀਤਾ ਜਾਵੇਗਾ। ਪ੍ਰੋਜੈਕਟ ਤਹਿਤ ਇਨ੍ਹਾਂ ਜ਼ਿਲਿਆਂ ਵਿੱਚ ਹਾਈਵੇਅ ਦੇ ਸੱਜੇ -ਖੱਬੇ ਦੋਵੇਂ ਪਾਸੇ 500 ਮੀਟਰ ਦੀ ਦੂਰੀ ’ਤੇ 5, 6 ਅਤੇ 7 ਫੁੱਟ ਤੱਕ ਦੀ ਉਚਾਈ ਵਾਲੇ ਬੂਟੇ ਲਗਾਏ ਜਾਣਗੇ।