ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗਰੋਹ ਦੇ ਮੁੱਖ ਮੈਂਬਰ ਰਾਜਵੀਰ ਸਿੰਘ ਉਰਫ਼ ਰਵੀ ਰਾਜਗੜ੍ਹ ਦੇ ਪਿਤਾ ਜਗਤਾਰ ਸਿੰਘ ਢਿੱਲੋਂ (62) ਨੂੰ ਲੁਧਿਆਣਾ ਜ਼ਿਲ੍ਹੇ ਦੀ ਖੰਨਾ ਸਬ-ਡਵੀਜ਼ਨ ਵਿੱਚ ਆਪਣੇ ਜੱਦੀ ਪਿੰਡ ਰਾਜਗੜ੍ਹ ਦਾ ਸਰਪੰਚ ਚੁਣਿਆ ਗਿਆ ਹੈ। ਪੰਜਾਬ ਭਰ ਵਿੱਚ ਪੰਚਾਇਤੀ ਚੋਣਾਂ ਲਈ ਮੰਗਲਵਾਰ ਨੂੰ ਵੋਟਾਂ ਪਈਆਂ।
ਏ-ਕੈਟਾਗਰੀ ਦੇ ਗੈਂਗਸਟਰ ਰਵੀ ਰਾਜਗੜ੍ਹ ਦੇ ਖਿਲਾਫ ਵੱਖ-ਵੱਖ ਥਾਣਿਆਂ ‘ਚ ਘੱਟੋ-ਘੱਟ 12 ਐੱਫ.ਆਈ.ਆਰ ਦਰਜ ਹਨ, ਜਿਨ੍ਹਾਂ ‘ਚ ਕਤਲ ਅਤੇ ਕਤਲ ਦੀ ਕੋਸ਼ਿਸ਼ ਵੀ ਸ਼ਾਮਲ ਹੈ। ਰਾਜਗੜ੍ਹ ਮੰਗਲਵਾਰ ਨੂੰ ਪੋਲਿੰਗ ਦੌਰਾਨ ਪਿੰਡ ‘ਚ ਮੌਜੂਦ ਸਨ। ਉਹ ਜ਼ਮਾਨਤ ‘ਤੇ ਬਾਹਰ ਹੈ।
ਦੋਰਾਹਾ ਥਾਣੇ ਦੇ ਐਸਐਚਓ ਇੰਸਪੈਕਟਰ ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਨਵੇਂ ਚੁਣੇ ਸਰਪੰਚ ਢਿੱਲੋਂ ਦਾ ਵੀ ਅਪਰਾਧਿਕ ਰਿਕਾਰਡ ਹੈ ਅਤੇ ਉਸ ਖ਼ਿਲਾਫ਼ ਕਈ ਕੇਸ ਦਰਜ ਹਨ। ਇੰਸਪੈਕਟਰ ਨੇ ਕਿਹਾ, “ਉਸ ‘ਤੇ ਕਤਲ ਸਮੇਤ ਕਈ ਹੋਰ ਵੀ ਅਪਰਾਧਿਕ ਕੇਸ ਦਰਜ ਸਨ।”
ਇਸਦੇ ਨਾਲ ਹੀ ਇੰਸਪੈਕਟਰ ਨੇ ਦੱਸਿਆ ਕਿ ਢਿੱਲੋਂ ਅਤੇ ਉਸ ਦੇ ਵਿਰੋਧੀ ਉਮੀਦਵਾਰ ਬਲਜਿੰਦਰ ਸਿੰਘ ਦੀ ਪੁਰਾਣੀ ਰੰਜਿਸ਼ ਹੈ। ਸਰਪੰਚ ਦੇ ਅਹੁਦੇ ਲਈ ਢਿੱਲੋਂ ਵਿਰੁੱਧ ਚੋਣ ਲੜਨ ਵਾਲਾ ਬਲਜਿੰਦਰ 2011 ਵਿੱਚ ਰਵੀ ਰਾਜਗੜ੍ਹ, ਉਸ ਦੇ ਪਿਤਾ ਅਤੇ ਹੋਰਾਂ ਵਿਰੁੱਧ ਦਰਜ ਹੋਏ ਕਤਲ ਕੇਸ ਦਾ ਮੁੱਖ ਗਵਾਹ ਸੀ, ਜਿਸ ਵਿੱਚ ਰਵੀ ਨੂੰ ਦੋਸ਼ੀ ਠਹਿਰਾਇਆ ਗਿਆ ਸੀ।