ਰੱਖੜੀ ਦੇ ਤਿਉਹਾਰ ‘ਤੇ ਬੱਸ ‘ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ ਹੈ। ਸੂਬੇ ਦੀ ਮੌਜੂਦਾ ਸਰਕਾਰ ਵੱਲੋਂ ਬੱਸ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੇ ਜਾਣ ਦੇ ਵਿਰੋਧ ‘ਚ PRTC ਤੇ ਪਨਬਸ ਦੇ ਕੱਚੇ ਮੁਲਾਜ਼ਮ ਅੱਜ ਯਾਨੀ 8 ਅਗਸਤ ਦਿਨ ਸ਼ੁੱਕਰਵਾਰ ਨੂੰ ਦੁਪਹਿਰ ਹੜਤਾਲ ‘ਤੇ ਚਲੇ ਗਏ ਸਨ।
ਕੱਲ੍ਹ ਰੱਖੜੀ ਦਾ ਤਿਓਹਾਰ ਹੋਣ ਨਾਲ ਪੂਰੇ ਸੂਬੇ ਵਿਚ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਕਰਕੇ ਸਰਕਾਰ ਨੇ ਲਗਭਗ 2 ਘੰਟੇ ਵਿਚ ਹੀ ਮੁਲਾਜ਼ਮਾਂ ਦੀ ਸੁਣਵਾਈ ਕੀਤੀ ਤੇ ਹੁਣ ਸਰਕਾਰ ਨੇ KM ਸਕੀਮ ਦੇ ਟੈਂਡਰ ਮੁਲਤਵੀ ਕਰਨ ਦਾ ਭਰੋਸਾ ਦਿੱਤਾ ਹੈ। ਜਿਸ ਕਰਕੇ ਪਨਬਸ ਤੇ ਪੀਆਰਟੀਸੀ ਮੁਲਾਜ਼ਮਾਂ ਵੱਲੋਂ ਹੜਤਾਲ ਨੂੰ 13 ਅਗਸਤ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ।
13 ਅਗਸਤ ਨੂੰ ਮੁਲਾਜ਼ਮਾਂ ਦੀ ਟਰਾਂਸਪੋਰਟ ਮੰਤਰੀ ਨਾਲ ਦੁਪਹਿਰ 3.30 ਵਜੇ ਚੰਡੀਗੜ੍ਹ ‘ਚ ਮੀਟਿੰਗ ਹੋਵੇਗੀ। ਮੁਲਾਜ਼ਮਾਂ ਵੱਲੋਂ ਵਾਅਦਾ ਲਾਗੂ ਨਾ ਹੋਣ ‘ਤੇ 14 ਅਗਸਤ ਤੋਂ ਧਰਨੇ ਦੀ ਚਿਤਾਵਨੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਉਹ 14 ਅਗਸਤ ਤੋਂ ਫਿਰ ਤੋਂ ਹੜਤਾਲ ‘ਤੇ ਚਲੇ ਜਾਣਗੇ।