ਲੁਧਿਆਣਾ, 18 ਅਕਤੂਬਰ। ਤ੍ਰਿਕੋਣੀ ਪਾਰਕ ਨੇੜੇ ਸਥਿਤ ਫਾਸਟ ਫੂਡ ਦੀਆਂ ਰੇਹੜੀਆਂ ਨੂੰ ਅੱਗ ਲਾਉਣ ਵਾਲੇ ਮੁਲਜ਼ਮ ਨੂੰ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਨੂੰ ਇਲਾਕੇ ਵਿੱਚੋਂ ਹੀ ਗ੍ਰਿਫ਼ਤਾਰ ਕੀਤਾ, ਉਸ ਦੇ ਕਬਜ਼ੇ ਵਿੱਚੋਂ ਅੱਧੀ ਬੋਤਲ ਪੈਟਰੋਲ ਅਤੇ ਵਾਰਦਾਤ ਵਿੱਚ ਵਰਤੀ ਕਾਰ ਬਰਾਮਦ ਕੀਤੀ ਹੈ। ਮੁਲਜ਼ਮ ਨੇ ਪੈਟਰੋਲ ਪਾ ਕੇ ਰੇਹੜੀਆਂ ਨੂੰ ਅੱਗ ਲਾ ਦਿੱਤੀ ਸੀ। ਇਸ ਮਾਮਲੇ ਵਿੱਚ ਪੁਲੀਸ ਨੇ ਧਰਮਪੁਰਾ ਦੀ ਗਲੀ ਨੰਬਰ ਦੋ ਦੇ ਰਹਿਣ ਵਾਲੇ ਸਰਬਜੀਤ ਸਿੰਘ ਉਰਫ਼ ਲਵੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਮੁਲਜ਼ਮ ਤੋਂ ਪੁੱਛਗਿੱਛ ਕਰਨ ਵਿੱਚ ਲੱਗੀ ਹੋਈ ਹੈ।
ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਅਤੇ ਏਸੀਪੀ ਸੁਮਿਤ ਸੂਦ ਨੇ ਦੱਸਿਆ ਕਿ ਲਵੀ ਦੀ ਸ਼ਿਕਾਇਤਕਰਤਾ ਨਾਲ ਪੁਰਾਣੀ ਦੁਸ਼ਮਣੀ ਸੀ। ਮੁਲਜ਼ਮ ਨੂੰ ਪਤਾ ਸੀ ਕਿ ਗੁਰਮੀਤ ਸਿੰਘ ਤ੍ਰਿਕੋਣੀ ਪਾਰਕ ਨੇੜੇ ਫਾਸਟ ਫੂਡ ਰੇਹੜੀ ਲਗਾਉਂਦਾ ਹੈ। ਜਿਸ ਤੋਂ ਬਾਅਦ ਮੁਲਜ਼ਮ ਨੇ ਆਪਣੀ ਰੰਜਿਸ਼ ਕੱਢਣ ਲਈ ਕੁਝ ਦਿਨ ਪਹਿਲਾਂ ਮੁਲਜ਼ਮ ਨੇ ਦੇਰ ਰਾਤ ਇਕ ਰੇਹੜੀ ’ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ। ਅੱਗ ਲਗਾਉਣ ਤੋਂ ਬਾਅਦ ਮੁਲਜ਼ਮ ਉਥੋਂ ਫਰਾਰ ਹੋ ਗਿਆ। ਹੌਲੀ-ਹੌਲੀ ਅੱਗ ਨੇ ਸਾਰੀਆਂ ਰੇਹੜੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਰੇਹੜੀਆਂ ਵਿੱਚ ਦੋ ਸਿਲੰਡਰ ਪਏ ਸਨ ਜੋ ਫਟ ਗਏ। ਹਾਲਾਂਕਿ ਇਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਧਮਾਕਾ ਹੋਣ ਨਾਲ ਪੂਰੀ ਰੇਹੜੀਆਂ ਤਬਾਹ ਹੋ ਗਈਆਂ ਅਤੇ ਕਾਫੀ ਨੁਕਸਾਨ ਹੋ ਗਿਆ। ਪੁਲੀਸ ਨੇ ਜਾਂਚ ਤੋਂ ਬਾਅਦ ਸਬੂਤ ਇਕੱਠੇ ਕੀਤੇ ਅਤੇ ਮੁਲਜ਼ਮ ਲਵੀ ਨੂੰ ਗ੍ਰਿਫਤਾਰ ਕਰ ਲਿਆ।