ਭਾਰਤ ਦੇ ਸੱਤ ਨੌਜਵਾਨ ਜਿਹਨਾਂ ਦੀ ਰੂਸ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਰੀਬ ਇਕ ਮਹੀਨੇ ਪਹਿਲਾਂ ਵਾਇਰਲ ਹੋਈ ਸੀ।ਜਿਸ ਵਿੱਚ ਨੌਜਵਾਨ ਆਪਣੇ ਆਪ ਪੰਜਾਬ ਅਤੇ ਹਰਿਆਣਾ ਸੂਬੇ ਦੇ ਦਸਦੇ ਹੋਏ ਕਹਿ ਰਹੇ ਸਨ, ਕਿ ਉਹ ਰੂਸ ਵਿੱਚ ਘੁੰਮਣ ਲਈ ਆਏ ਸਨ। ਜਿੱਥੇ ਉਨ੍ਹਾਂ ਨੂੰ ਫੜ ਲਿਆ ਗਿਆ ਅਤੇ ਜ਼ਬਰਦਸਤੀ ਫੌਜ ਵਿੱਚ ਭਰਤੀ ਕਰ ਯੁਕਰੇਨ ਲਿਆਂਦਾ ਗਿਆ ਹੈ ਅਤੇ ਜੰਗ ਵਿੱਚ ਭੇਜਿਆ ਗਿਆ ਹੈ।
ਨੌਜਵਾਨਾਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਸਰਕਾਰ ਦੇ ਨਾਲ ਗੱਲਬਾਤ ਕਰਕੇ ਨੌਜਵਾਨਾਂ ਨੂੰ ਭਾਰਤ ਲਿਆਉਣ ਦੀ ਗੱਲ ਕਹੀ ਸੀ, ਪਰ ਅਜੇ ਤੱਕ ਰੂਸ ਸਰਕਾਰ ਦੇ ਵਲੋਂ ਨੌਜਵਾਨਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ।
ਇਸ ਸਬੰਧੀ ਗੁਰਦਾਸਪੁਰ ਦੇ ਪਿੰਡ ਡੇਅਰੀਵਾਲ ਕਿਰਨ ਦੇ ਰਹਿਣ ਵਾਲੇ ਨੌਜਵਾਨ ਗਗਨਦੀਪ ਦੇ ਪਰਿਵਾਰ ਨੇ ਕਿਹਾ ਕਿ ਉਹਨਾਂ ਦੇ ਬੇਟੇ ਨੂੰ ਇੱਕ ਵਾਰ ਫਿਰ ਤੋਂ ਜੰਗ ਲੜਨ ਦੇ ਲਈ ਯੂਕਰੇਨ ਬਾਰਡਰ ਤੇ ਭੇਜ ਦਿੱਤਾ ਗਿਆ ਹੈ। ਜਿਸ ਕਰਕੇ ਉਹਨਾਂ ਦੇ ਪਰਿਵਾਰ ਵਿੱਚ ਕਾਫੀ ਚਿੰਤਾ ਹੈ। ਉਹਨਾਂ ਕਿਹਾ ਕਿ ਪੰਜ ਦਿਨ ਪਹਿਲਾਂ ਗਗਨਦੀਪ ਵਲੋਂ ਉਹਨਾਂ ਨੂੰ ਫੋਨ ਮੈਸੇਜ ਰਾਹੀ ਦੱਸਿਆ ਗਿਆ ਸੀ ਕਿ ਉਹਨਾਂ ਨੂੰ ਫਿਰ ਤੋਂ ਰੂਸ ਸਰਕਾਰ ਵੱਲੋਂ ਫਰੰਟ ਲਾਈਨ ਤੇ ਭੇਜਿਆ ਜਾ ਰਿਹਾ ਹੈ ਅਤੇ ਉਹ ਇਥੋਂ ਜਾਣ ਲਈ ਨਿਕਲ ਰਹੇ ਹਨ। ਇਸ ਤੋਂ ਬਾਅਦ ਉਸ ਦੀ ਕੋਈ ਕਾਲ ਜਾਂ ਮੈਸੇਜ ਉਹਨਾਂ ਨੂੰ ਨਹੀਂ ਆਇਆ ਅਤੇ ਨਾ ਹੀ ਉਸ ਦਾ ਫੋਨ ਲੱਗ ਰਿਹਾ ਹੈ। ਪਹਿਲਾਂ ਵੀ ਜਦੋਂ ਉਹਨਾਂ ਨੂੰ ਬਾਰਡਰ ਤੇ ਭੇਜਿਆ ਗਿਆ ਸੀ ਤਾਂ ਫੋਨ ਅਤੇ ਮੈਸੇਜ ਆਉਣੇ ਬੰਦ ਹੋ ਜਾਂਦੇ ਸਨ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਰੂਸ ਸਰਕਾਰ ਨਾਲ ਗੱਲ ਕਰਨ ਦੇ ਬਾਵਜੂਦ ਉਹਨਾਂ ਦੇ ਬੇਟੇ ਨੂੰ ਜੰਗ ਲੜਨ ਦੇ ਲਈ ਫਰੰਟ ਲਾਈਨ ਤੇ ਭੇਜ ਦਿੱਤਾ ਗਿਆ ਹੈ ਉਹਨਾਂ ਨੇ ਮੰਗ ਕੀਤੀ ਹੈ ਕਿ ਭਾਰਤ ਸਰਕਾਰ ਜਲਦ ਤੋਂ ਜਲਦ ਉਹਨਾਂ ਦੇ ਫਸੇ ਹੋਏ ਬੱਚਿਆਂ ਨੂੰ ਭਾਰਤ ਲਿਆਉਣ ਦੀ ਰੂਸ ਸਰਕਾਰ ਦੇ ਨਾਲ ਗੱਲ ਕਰੇ।