ਕਾਂਗਰਸ ਆਗੂ ਰਾਹੁਲ ਗਾਂਧੀ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਰਾਹੁਲ ਗਾਂਧੀ ਨੇ ਆਪਣੇ ਅਮਰੀਕਾ ਦੌਰੇ ਦੌਰਾਨ ਸਿੱਖਾਂ ਨੂੰ ਲੈ ਕੇ ਬਿਆਨ ਦਿੱਤਾ ਸੀ, ਜਿਸ ‘ਤੇ ਰਵਨੀਤ ਬਿੱਟੂ ਨੇ ਉਨ੍ਹਾਂ ਨੂੰ ਅੱਤਵਾਦੀ ਕਿਹਾ ਸੀ। ਇਸ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ ਅਤੇ ਰਵਨੀਤ ਬਿੱਟੂ ਖਿਲਾਫ ਕਰਨਾਟਕ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਕਰਨਾਟਕ ਦੇ ਇੱਕ ਕਾਂਗਰਸੀ ਅਧਿਕਾਰੀ ਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਐਫਆਈਆਰ ਦਰਜ ਕਰਵਾਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਨਿਆਂ ਸੰਹਿਤਾ ਦੀ ਧਾਰਾ 353 (ਗਲਤ ਸੂਚਨਾ ਦੇ ਆਧਾਰ ‘ਤੇ ਬਿਆਨ ਦੇਣਾ ਜਾਂ ਅਫਵਾਹਾਂ ਫੈਲਾਉਣਾ), 192 (ਦੰਗੇ ਭੜਕਾਉਣ ਦੇ ਉਦੇਸ਼ ਨਾਲ ਭੜਕਾਊ ਬਿਆਨ ਦੇਣਾ), 196 (ਦੋ ਭਾਈਚਾਰਿਆਂ ਵਿਚਕਾਰ ਦੁਸ਼ਮਣੀ ਫੈਲਾਉਣਾ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਕੇਂਦਰੀ ਰਾਜ ਮੰਤਰੀ ‘ਤੇ ਆਈਪੀਸੀ ਦੇ ਤਹਿਤ ਹਾਈ ਗਰਾਊਂਡ ਪੁਲਿਸ ਸਟੇਸ਼ਨ, ਬੈਂਗਲੁਰੂ ‘ਚ ਮਾਮਲਾ ਦਰਜ ਕੀਤਾ ਗਿਆ ਹੈ।
ਜਦੋਂ ਮੀਡੀਆ ਵੱਲੋਂ ਰਵਨੀਤ ਬਿੱਟੂ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਰਾਹੁਲ ਗਾਂਧੀ ਖਿਲਾਫ ਦਿੱਤੇ ਬਿਆਨ ‘ਤੇ ਪਛਤਾਵਾ ਹੈ? ਤਾਂ ਰਵਨੀਤ ਬਿੱਟੂ ਨੇ ਕਿਹਾ ‘ਕਿਉਂ ਮੁਆਫ਼ੀ ਮੰਗਾਗਾਂ?’ ਅਸੀਂ ਪੰਜਾਬ ਵਿੱਚ ਇੱਕ ਪੂਰੀ ਪੀੜ੍ਹੀ ਗੁਆ ਦਿੱਤੀ ਹੈ। ਗਾਂਧੀ ਪਰਿਵਾਰ ਨੇ ਪੰਜਾਬ ਨੂੰ ਸਾੜ ਦਿੱਤਾ। ਸਿੱਖ ਹੋਣ ਦੇ ਨਾਤੇ ਮੇਰਾ ਦਰਦ ਹੈ। ਮੈਂ ਮੰਤਰੀ ਬਾਅਦ, ਪਰ ਸਿੱਖ ਪਹਿਲਾ। ਜੇਕਰ ਪੰਨੂ ਰਾਹੁਲ ਗਾਂਧੀ ਦੇ ਬਿਆਨ ਦਾ ਸਮਰਥਨ ਕਰਦੇ ਹਨ ਤਾਂ ਹੁਣ ਅਸੀਂ ਕੀ ਕਹਿ ਸਕਦੇ ਹਾਂ?