ਰਾਸ਼ਟਰਪਤੀ ਡੋਨਾਲਡ ਟਰੰਪ ਨੇ 20 ਜਨਵਰੀ ਨੂੰ ਸਹੁੰ ਚੁੱਕਣ ਤੋਂ ਬਾਅਦ ਕਈ ਵੱਡੇ ਫੈਸਲੇ ਲਏ ਹਨ। ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਅਤੇ ਚੀਨ, ਕੈਨੇਡਾ ਅਤੇ ਮੈਕਸੀਕੋ ਵਰਗੇ ਦੇਸ਼ਾਂ ‘ਤੇ ਟੈਰਿਫ ਲਗਾਉਣ ਦੇ ਫੈਸਲੇ ਦੀ ਸਭ ਤੋਂ ਵੱਧ ਚਰਚਾ ਹੋਈ ਹੈ। ਹੁਣ ਅਮਰੀਕਾ ਨੇ ਮੈਕਸੀਕੋ ਦੀ ਖਾੜੀ ਦਾ ਨਾਮ ਬਦਲ ਕੇ ਅਮਰੀਕਾ ਦੀ ਖਾੜੀ ਕਰਨ ਦਾ ਐਲਾਨ ਕੀਤਾ ਹੈ। ਵ੍ਹਾਈਟ ਹਾਊਸ ਨੇ ਟਰੰਪ ਪ੍ਰਸ਼ਾਸਨ ਦੇ ਇਸ ਮਹੱਤਵਪੂਰਨ ਫੈਸਲੇ ਸੰਬੰਧੀ ਇੱਕ ਬਿਆਨ ਜਾਰੀ ਕੀਤਾ। ਇਸ ਵਿੱਚ ਕਿਹਾ ਗਿਆ ਹੈ ਕਿ ਫਲੋਰੀਡਾ ਤੋਂ ਟੈਕਸਾਸ ਰਾਹੀਂ ਮੈਕਸੀਕੋ ਤੱਕ ਫੈਲਣ ਵਾਲਾ ਜਲ ਮਾਰਗ ਹੁਣ ਅਮਰੀਕਾ ਦੀ ਖਾੜੀ ਵਜੋਂ ਜਾਣਿਆ ਜਾਵੇਗਾ। ਅਮਰੀਕਾ ਨੇ ਕਿਹਾ ਹੈ ਕਿ ਦੂਜੇ ਦੇਸ਼ਾਂ ‘ਤੇ ਵੀ ਅਜਿਹਾ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ।
ਬੁੱਧਵਾਰ ਨੂੰ ਇਸ ਮਹੱਤਵਪੂਰਨ ਫੈਸਲੇ ਬਾਰੇ ਗੱਲ ਕਰਦੇ ਹੋਏ, ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲੀਨ ਲੇਵਿਟ ਨੇ ਕਿਹਾ ਕਿ ਇਹ ਬਿਲਕੁਲ ਸੱਚ ਹੈ ਕਿ ਲੁਈਸਿਆਨਾ ਦੇ ਤੱਟ ਦੇ ਨੇੜੇ ਬਣੇ ਜਲ ਸਰੋਤ ਨੂੰ ਹੁਣ ‘ਅਮਰੀਕਾ ਖਾੜੀ’ ਕਿਹਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਮੌਜੂਦਾ ਅਮਰੀਕੀ ਪ੍ਰਸ਼ਾਸਨ ਲਈ ਬਹੁਤ ਮਹੱਤਵਪੂਰਨ ਹੈ। ਲੇਵਿਟ ਨੇ ਕਿਹਾ, “ਅਸੀਂ ਇਸਨੂੰ (ਖਾੜੀ ਦਾ ਨਾਮ) ਨਾ ਸਿਰਫ਼ ਇੱਥੋਂ ਦੇ ਲੋਕਾਂ ਲਈ, ਸਗੋਂ ਬਾਕੀ ਦੁਨੀਆ ਲਈ ਵੀ ਬਦਲ ਦੇਵਾਂਗੇ।”