ਕੇਰਲ ਦੇ ਇੱਕ ਮੰਦਰ ਵਿੱਚ ਇੱਕ ਵੱਡਾ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਤਿਉਹਾਰ ਦੌਰਾਨ ਹਜ਼ਾਰਾਂ ਦੀ ਭੀੜ ਉੱਥੇ ਇੱਕਠੀ ਹੋਈ ਸੀ ਅਤੇ ਮੰਦਰ ਦੇ ਕੋਲ ਪਟਾਕਿਆਂ ਦੇ ਭੰਡਾਰ ਵਿੱਚ ਅਚਾਨਕ ਅੱਗ ਲੱਗ ਗਈ। ਇਹ ਵੱਡਾ ਹਾਦਸਾ ਕੇਰਲ ਦੇ ਕਾਸਰਗੋਡ ਜ਼ਿਲ੍ਹੇ ਵਿੱਚ ਨੀਲੇਸ਼ਵਰਮ ਨੇੜੇ ਇੱਕ ਮੰਦਰ ਵਿੱਚ ਵਾਪਰਿਆ ਜਿੱਥੇ ਦੀਵਾਲੀ ਤੋਂ ਪਹਿਲਾਂ ਸਮਾਗਮ ਹੋ ਰਹੇ ਸਨ। ਪਟਾਕਿਆਂ ਅਤੇ ਉਸ ਤੋਂ ਬਾਅਦ ਹੋਏ ਧਮਾਕੇ ਕਾਰਨ ਤਿਉਹਾਰ ‘ਚ ਸ਼ਾਮਲ 154 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ‘ਚੋਂ 8 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿਨ੍ਹਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਮੰਦਰ ਨੇੜੇ ਪਟਾਕਿਆਂ ਦਾ ਗੋਦਾਮ ਸੀ, ਜਿਸ ਵਿਚ ਅੱਗ ਲੱਗਣ ਕਾਰਨ ਇਹ ਹਾਦਸਾ ਵਾਪਰਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੂੰ ਸ਼ੱਕ ਹੈ ਕਿ ਇਹ ਮੰਦਭਾਗਾ ਹਾਦਸਾ ਵੀਰਕਾਵੂ ਮੰਦਿਰ ਨੇੜੇ ਪਟਾਕਿਆਂ ਦੇ ਭੰਡਾਰ ਨੂੰ ਅੱਗ ਲੱਗਣ ਤੋਂ ਬਾਅਦ ਵਾਪਰਿਆ ਹੈ। ਜ਼ਖਮੀਆਂ ਨੂੰ ਕਾਸਰਗੋਡ, ਕੰਨੂਰ ਅਤੇ ਮੰਗਲੁਰੂ ਦੇ ਹਸਪਤਾਲਾਂ ‘ਚ ਲਿਜਾਇਆ ਗਿਆ। ਹਾਦਸੇ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਪਟਾਕਿਆਂ ਦੇ ਗੋਦਾਮ ‘ਚ ਅੱਗ ਕਿਵੇਂ ਲੱਗੀ, ਇਹ ਪਤਾ ਨਹੀਂ ਲੱਗ ਸਕਿਆ ਹੈ। ਚਿੰਤਾਜਨਕ ਸਥਿਤੀ ਨੂੰ ਦੇਖਦੇ ਹੋਏ ਕੁਲੈਕਟਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਉਨ੍ਹਾਂ ਨੇ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਲਈ ਤੁਰੰਤ ਕਾਰਵਾਈ ਕੀਤੀ।