ਮੋਹਾਲੀ ਵਿਚ ਬੀਤੀ ਰਾਤ ਬਹੁਤ ਹੀ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ ਜਿਸ ਵਿਚ ਪੰਜਾਬ ਯੂਨੀਵਰਸਿਟੀ ਦੇ 3 ਵਿਦਿਆਰਥੀਆਂ ਦੀ ਜਾਨ ਚਲੀ ਗਈ ਹੈ। ਹਾਦਸਾ ਨਿਊ ਚੰਡੀਗੜ੍ਹ ਦੇ ਨੇੜੇ ਕੁਰਾਲੀ-ਸਿਸਵਾਂ ਰੋਡ ‘ਤੇ ਵਾਪਰਿਆ ਹੈ। ਜਾਣਕਾਰੀ ਮੁਤਾਬਕ ਇਹ ਕਾਰ ਸਵਾਰ 4 ਵਿਦਿਆਰਥੀ ਸਨ ਜਿਨ੍ਹਾਂ ਵਿਚੋਂ 3 ਦੀ ਮੌਤ ਹੋ ਚੁੱਕੀ ਹੈ ਤੇ ਇਕ ਹਸਪਤਾਲ ਵਿਚ ਜੇਰੇ ਇਲਾਜ ਹੈ। ਮ੍ਰਿਤਕਾਂ ਵਿਚ ਇਕ ਲੜਕੀ ਵੀ ਹੈ ਜਿਸ ਦਾ ਨਾਂ ਰੁਬੀਨਾ ਹੈ ਜੋ ਕਿ ਪ੍ਰਾਈਵੇਟ ਜੌਬ ਕਰਦੀ ਸੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਤਾਂ ਪਰਖੱਚੇ ਉਡ ਗਏ ਹਨ।
ਮ੍ਰਿਤਕਾਂ ਦੀ ਪਛਾਣ ਸ਼ੁਭਮ ਜਟਵਾਲ, ਰੁਬੀਨਾ, ਸੌਰਭ ਪਾਂਡੇ ਵਜੋਂ ਹੋਈ ਹੈ। ਜ਼ਖਮੀ ਵਿਅਕਤੀ ਮਾਨਵਿੰਦਰ ਹੈ ਜਿਸ ਦਾ ਇਲਾਜ ਹਸਪਤਾਲ ਵਿਚ ਕੀਤਾ ਜਾ ਰਿਹਾ ਹੈ। ਉਸ ਦੇ ਹੋਸ਼ ਵਿਚ ਆਉਣ ਨਾਲ ਪਤਾ ਲੱਗ ਸਕੇਗਾ ਕਿ ਹਾਦਸਾ ਕਿਵੇਂ ਵਾਪਰਿਆ। ਕਿਉਂਕਿ ਜਦੋਂ ਪੁਲਿਸ ਘਟਨਾ ਵਾਲੀ ਥਾਂ ‘ਤੇ ਪਹੁੰਚੀ ਤਾਂ ਕਾਰ ਦੇ ਆਸ-ਪਾਸ ਕੋਈ ਹੋਰ ਵਾਹਨ ਮੌਜੂਦ ਨਹੀਂ ਸੀ। ਇਸ ਲਈ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹਾਦਸਾ ਕਿਵੇਂ ਵਾਪਰਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।