ਹਿਮਾਚਲ ਪ੍ਰਦੇਸ਼ ‘ਚ ਜਲੰਧਰ ਦੇ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਨੌਜਵਾਨ ਆਪਣੇ ਦੋਸਤਾਂ ਨਾਲ ਹਿਮਾਚਲ ਘੁੰਮਣ ਗਿਆ ਹੋਇਆ ਸੀ। ਹਿਮਾਚਲ ਦੇ ਮੈਕਲਓਡਗੰਜ ‘ਚ ਭਾਗਸੁਨਾਗ ਝਰਨੇ ਨੇੜੇ ਝਰਨੇ ‘ਚ ਨਹਾਉਣ ਗਏ ਇਸ ਨੌਜਵਾਨ ਦੀ ਤੇਜ਼ ਕਰੰਟ ‘ਚ ਡੁੱਬਣ ਕਾਰਨ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਜਲੰਧਰ ਦੇ ਰਹਿਣ ਵਾਲੇ ਅਮਿਤ ਕੁਮਾਰ ਨੇ ਥਾਣਾ ਮੈਕਲਿਓਡਗੰਜ ਦੀ ਪੁਲਸ ਨੂੰ ਸੂਚਨਾ ਦਿੱਤੀ ਕਿ ਉਹ ਅਤੇ ਉਸ ਦੇ ਚਾਰ ਸਾਥੀ ਭਾਗਸੁਨਾਗ ਝਰਨੇ ਨੇੜੇ ਡਰੇਨ ‘ਚ ਨਹਾ ਰਹੇ ਸਨ। ਇਸ ਦੌਰਾਨ ਡਰੇਨ ਦੇ ਪਾਣੀ ਦਾ ਪੱਧਰ ਅਚਾਨਕ ਵੱਧ ਗਿਆ, ਜਿਸ ਕਾਰਨ ਉਸ ਦਾ ਦੋਸਤ ਪਵਨ ਕੁਮਾਰ (32) ਪੁੱਤਰ ਰਾਜਿੰਦਰ ਕੁਮਾਰ ਵਾਸੀ ਰਾਕੇਸ਼ ਟੈਂਟ ਹਾਊਸ, ਨਕੋਦਰ ਰੋਡ, ਜਲੰਧਰ ਪਾਣੀ ਦੇ ਤੇਜ਼ ਕਰੰਟ ਵਿੱਚ ਰੁੜ੍ਹ ਗਿਆ।
ਅਮਿਤ ਕੁਮਾਰ ਨੇ ਦੱਸਿਆ ਕਿ ਉਸ ਦੇ ਹੋਰ ਦੋਸਤ ਨਾਲੇ ਵਿੱਚੋਂ ਨਿਕਲਣ ਵਿੱਚ ਕਾਮਯਾਬ ਹੋ ਗਏ। ਸੂਚਨਾ ਮਿਲਣ ਤੋਂ ਬਾਅਦ ਐਸਡੀਆਰਐਫ ਕਾਂਗੜਾ ਅਤੇ ਮੈਕਲੋਡਗੰਜ ਪੁਲਿਸ ਟੀਮ ਨੇ ਪਾਣੀ ਦੇ ਤੇਜ਼ ਕਰੰਟ ਵਿੱਚ ਲਾਪਤਾ ਨੌਜਵਾਨ ਦੀ ਭਾਲ ਲਈ ਮੁਹਿੰਮ ਚਲਾਈ ਅਤੇ ਨੌਜਵਾਨ ਦੀ ਲਾਸ਼ ਝਰਨੇ ਤੋਂ ਕਰੀਬ 100 ਮੀਟਰ ਹੇਠਾਂ ਬਰਾਮਦ ਕੀਤੀ ਗਈ।