ਪੰਜਾਬ ਮਹਿਲਾ ਕਮਿਸ਼ਨ ਨੇ ਦੀਪ ਕੁਲੈਕਸ਼ਨ ਫੈਕਟਰੀ ਦੇ ਮਾਲਕ ਪਰਵਿੰਦਰ ਸਿੰਘ ਅਤੇ ਉਸ ਦੇ ਕੁਝ ਸਾਥੀਆਂ ਵੱਲੋਂ ਫੈਕਟਰੀ ਵਿੱਚ ਕੰਮ ਕਰਨ ਵਾਲੀਆਂ ਤਿੰਨ ਲੜਕੀਆਂ, ਇੱਕ ਬਜ਼ੁਰਗ ਔਰਤ ਅਤੇ ਇੱਕ ਨੌਜਵਾਨ ਦੇ ਮੂੰਹ ‘ਤੇ ਕਾਲਖ ਮੱਲ ਕੇ ਗਲੀਆਂ ਵਿੱਚ ਘੁੰਮਾਉਣ ਦੇ ਮਾਮਲੇ ਦਾ ਸਖ਼ਤ ਨੋਟਿਸ ਲਿਆ ਹੈ।
ਅੱਜ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਅਤੇ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਮੈਂਬਰ ਕੰਵਰਦੀਪ ਸਿੰਘ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ।
ਰਾਜ ਲਾਲੀ ਗਿੱਲ ਨੇ ਕਿਹਾ ਕਿ ਉਨ੍ਹਾਂ ਪੀੜਤਾਂ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਦੇ ਬਿਆਨ ਵੀ ਦਰਜ ਕਰ ਲਏ ਗਏ ਹਨ। ਪਰਿਵਾਰ ਸਾਫ਼ ਕਹਿ ਰਿਹਾ ਹੈ ਕਿ ਉਨ੍ਹਾਂ ‘ਤੇ ਚੋਰੀ ਦਾ ਝੂਠਾ ਇਲਜ਼ਾਮ ਲਗਾਇਆ ਗਿਆ ਹੈ। ਉਨ੍ਹਾਂ ਨੂੰ ਗੋਦਾਮ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਕੁੱਟਮਾਰ ਵੀ ਕੀਤੀ ਗਈ। ਫੈਕਟਰੀ ਦੇ ਕੁਝ ਲੋਕ ਕਮਰੇ ਵਿੱਚ ਆਏ ਅਤੇ ਕੱਪੜੇ ਲੈ ਗਏ। ਉਨ੍ਹਾਂ ਨੇ ਝੂਠਾ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੇ ਕੱਪੜੇ ਚੋਰੀ ਹੋ ਗਏ ਹਨ।
ਪਰਿਵਾਰ ਦਾ ਕਹਿਣਾ ਹੈ ਕਿ ਜਿਸ ਦੁਕਾਨ ਤੋਂ ਅਸੀਂ ਕੱਪੜੇ ਖਰੀਦੇ ਸਨ, ਉਸ ਦੁਕਾਨ ‘ਤੇ ਲਿਜਾ ਕੇ ਅਸੀਂ ਫੈਕਟਰੀ ਮਾਲਕ ਨੂੰ ਸਬੂਤ ਦੇ ਸਕਦੇ ਹਾਂ ਕਿ ਉਨ੍ਹਾਂ ਨੇ ਕੱਪੜੇ ਖਰੀਦੇ ਸਨ। ਫੈਕਟਰੀ ਵਾਲਿਆਂ ਨੇ ਬੱਚੇ ਦੀ ਘੜੀ ਰੱਖ ਲਈ ਹੈ। ਪਰਿਵਾਰ ਦੇ ਮੋਬਾਈਲ ਫੋਨ ਵੀ ਰੱਖ ਲਏ ਹਨ। ਫ਼ੈਕਟਰੀ ਮਾਲਕ ਦੀ ਗ੍ਰਿਫ਼ਤਾਰੀ ਲਈ ਪੁਲਿਸ ਹੁਸ਼ਿਆਰਪੁਰ ਵਿੱਚ ਵੀ ਛਾਪੇਮਾਰੀ ਕਰ ਰਹੀ ਹੈ। ਪਰਿਵਾਰ ਨੂੰ ਬਦਨਾਮ ਕਰਨਾ ਪੂਰੀ ਤਰ੍ਹਾਂ ਕਾਨੂੰਨ ਦੇ ਖਿਲਾਫ ਹੈ।
ਨਾਬਾਲਗ ਲੜਕੀਆਂ ਨੂੰ ਫੈਕਟਰੀਆਂ ‘ਚ ਕੰਮ ਕਰਵਾਉਣਾ ਗਲਤ ਹੈ, ਬਾਲ ਕਮਿਸ਼ਨ ਵੀ ਇਸ ‘ਤੇ ਕਾਰਵਾਈ ਕਰੇਗਾ। ਲੁਧਿਆਣਾ ਦੀਆਂ ਸਾਰੀਆਂ ਫੈਕਟਰੀਆਂ ਦਾ ਡਾਟਾ ਚੈੱਕ ਕੀਤਾ ਜਾਵੇਗਾ। ਇਸ ਮਾਮਲੇ ਵਿੱਚ ਮਹਿਲਾ ਕਮਿਸ਼ਨ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਦੋਂ ਤੱਕ ਕੇਸ ਬੰਦ ਨਹੀਂ ਹੋ ਜਾਂਦਾ ਉਦੋਂ ਤੱਕ ਫੈਕਟਰੀ ਨਹੀਂ ਖੋਲ੍ਹਣ ਦਿੱਤੀ ਜਾਵੇਗੀ। ਹੁਣ ਅਸੀਂ ਇਸ ਮੁੱਦੇ ‘ਤੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਨਾਲ ਮੀਟਿੰਗ ਵੀ ਕਰਾਂਗੇ, ਜਿਸ ਤੋਂ ਬਾਅਦ ਮਾਮਲੇ ‘ਤੇ ਹੋਰ ਸਪੱਸ਼ਟਤਾ ਹੋਵੇਗੀ।