ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਸਾਨ ਯੂਨੀਅਨਾਂ ਨੂੰ ਆਖਿਆ ਕਿ ਸੂਬੇ ਵਿੱਚ ਸੜਕਾਂ ਰੋਕ ਕੇ ਆਮ ਲੋਕਾਂ ਨੂੰ ਬਿਨਾਂ ਵਜ੍ਹਾ ਖੁੱਜਲ ਖੁਆਰ ਨਾ ਕੀਤਾ ਜਾਵੇ।
ਅੱਜ ਇੱਥੇ ਜਾਰੀ ਇਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਯੂਨੀਅਨਾਂ ਲੋਕਾਂ ਨੂੰ ਬੇਲੋੜਾ ਪ੍ਰੇਸ਼ਾਨ ਕਰਨ ਤੋਂ ਗੁਰੇਜ਼ ਕਰਨ, ਨਹੀਂ ਤਾਂ ਲੋਕ ਉਨ੍ਹਾਂ ਦੇ ਖਿਲਾਫ਼ ਖੜ੍ਹੇ ਹੋ ਜਾਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਪਣੇ ਨਿੱਜੀ ਹਿੱਤਾਂ ਦੀ ਖਾਤਰ ਯੂਨੀਅਨਾਂ ਵੱਲੋਂ ਸੜਕਾਂ ਰੋਕ ਕੇ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਨਾਲ ਲੋਕਾਂ ਦਾ ਰੋਜ਼ਮੱਰਾ ਦਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ ਜੋ ਕਿ ਬਹੁਤ ਮੰਦਭਾਗੀ ਗੱਲ ਹੈ। ਮੁੱਖ ਮੰਤਰੀ ਨੇ ਯੂਨੀਅਨਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦਾ ਦਫ਼ਤਰ, ਰਿਹਾਇਸ਼, ਪੰਜਾਬ ਭਵਨ, ਪੰਜਾਬ ਸਿਵਲ ਸਕੱਤਰੇਤ ਅਤੇ ਖੇਤੀਬਾੜੀ ਮੰਤਰੀ ਦਾ ਦਫ਼ਤਰ ਦੇ ਦਰਵਾਜ਼ੇ ਗੱਲਬਾਤ ਲਈ ਹਮੇਸ਼ਾ ਖੁੱਲ੍ਹੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਮੇਰੀ ਕਿਸਾਨ ਯੂਨੀਅਨਾਂ ਨੂੰ ਬੇਨਤੀ ਹੈ ਕਿ ਹਰ ਗੱਲ ‘ਤੇ ਸੜਕਾਂ ਰੋਕ ਕੇ ਆਮ ਲੋਕਾਂ ਨੂੰ ਆਪਣੇ ਵਿਰੁੱਧ ਨਾ ਕਰੋ..ਸਰਕਾਰ ਨਾਲ ਗੱਲ ਕਰਨ ਲਈ ਚੰਡੀਗੜ੍ਹ ਦਾ ਪੰਜਾਬ ਭਵਨ, ਸੈਕਟਰੀਏਟ, ਖੇਤੀਬਾੜੀ ਮੰਤਰੀ ਦਾ ਦਫ਼ਤਰ ਅਤੇ ਮੇਰਾ ਦਫ਼ਤਰ ‘ਤੇ ਘਰ ਹੈ ਨਾ ਕੇ ਸੜਕਾਂ..ਜੇ ਇਹੀ ਰਵੱਈਆ ਰਿਹਾ ਤਾਂ ਉਹ ਦਿਨ ਦੂਰ ਨਹੀਂ ਕਿ ਜਦੋਂ ਤੁਹਾਨੂੰ ਧਰਨੇ ਵਾਸਤੇ ਬੰਦੇ ਨਹੀਂ ਲੱਭਣੇ..ਲੋਕਾਂ ਦੀਆਂ ਭਾਵਨਾਵਾਂ ਸਮਝੋ ..