ਫਿਰੋਜ਼ਪੁਰ ‘ਚ ਸਬ-ਡਵੀਜ਼ਨ ਦੇ ਮੁਅੱਤਲ ਡੀਐੱਸਪੀ ਸੁਰਿੰਦਰਪਾਲ ਬਾਂਸਲ ਵੱਲੋਂ ਕੀਤੇ 300 ਮਾਮਲਿਆਂ ਦੀ ਜਾਂਚ ਸਵਾਲਾਂ ਦੇ ਘੇਰੇ ‘ਚ ਆ ਗਈ ਹੈ। ਅਦਾਲਤ ਵਿੱਚ ਪੁਲੀਸ ਨੇ 300 ਮਾਮਲਿਆਂ ਦੀ ਜਾਂਚ ਲਈ ਮੁਲਜ਼ਮ ਬਾਂਸਲ ਦਾ ਪੰਜ ਦਿਨ ਦਾ ਪੁਲੀਸ ਰਿਮਾਂਡ ਮੰਗਿਆ ਸੀ। ਜਿਸ ‘ਤੇ ਅਦਾਲਤ ਨੇ ਚਾਰ ਦਿਨ ਦਾ ਪੁਲਿਸ ਰਿਮਾਂਡ ਮਨਜ਼ੂਰ ਕਰ ਲਿਆ ਹੈ।
ਇਸ ਤੋਂ ਪਹਿਲਾਂ ਵੀ ਪੁਲੀਸ ਨੇ ਬਾਂਸਲ ਦਾ ਤਿੰਨ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਸੀ। ਮਾਮਲੇ ਨਾਲ ਸਬੰਧਤ ਲੋਕਾਂ ਦੇ ਬਿਆਨ ਲਏ ਜਾ ਰਹੇ ਹਨ। ਹਾਲਾਂਕਿ ਹੁਣ ਤੱਕ ਉਕਤ ਰਿਸ਼ਵਤ ਕਾਂਡ ਨਾਲ ਇਕ ਹੋਰ ਦੋਸ਼ੀ ਗੁਰਬੇਜ ਸਿੰਘ ਤੋਂ ਇਲਾਵਾ ਕਿਸੇ ਦਾ ਵੀ ਨਾਂ ਸਿੱਧੇ ਤੌਰ ‘ਤੇ ਨਹੀਂ ਜੁੜਿਆ ਹੈ ਪਰ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਜਲਦ ਹੀ ਇਸ ਮਾਮਲੇ ‘ਚ ਕੁਝ ਹੋਰ ਨਾਂ ਵੀ ਸ਼ਾਮਲ ਹੋਣਗੇ, ਜਿਨ੍ਹਾਂ ਦੇ ਨਾਲ ਇਸ ਰਿਸ਼ਵਤਖੋਰੀ ਦਾ ਰੈਕੇਟ ਚੱਲ ਰਿਹਾ ਸੀ।
ਮੁਲਜ਼ਮ ਬਾਂਸਲ ‘ਤੇ ਦੋਸ਼ਾਂ ਦੀ ਜਾਂਚ ਦੇ ਬਦਲੇ ਰਿਸ਼ਵਤ ਲੈਣ ਦਾ ਦੋਸ਼ ਹੈ। ਜਿਸ ਕਾਰਨ ਅਪਰਾਧੀਆਂ ਨੂੰ ਫਾਇਦਾ ਹੋਇਆ ਅਤੇ ਉਹ ਕਾਨੂੰਨ ਦੀ ਪਕੜ ਤੋਂ ਬਾਹਰ ਹਨ। ਅਜਿਹੇ ਵਿੱਚ ਹੁਣ ਜਦੋਂ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਐਸਪੀ ਡੀ ਰਣਧੀਰ ਕੁਮਾਰ ਖੁਦ ਮਾਮਲੇ ਦੀ ਜਾਂਚ ਕਰ ਰਹੇ ਹਨ ਤਾਂ ਲੋਕਾਂ ਨੂੰ ਆਸ ਹੈ ਕਿ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਜ਼ਰੂਰ ਹੋ ਜਾਵੇਗਾ।