ਲੁਧਿਆਣਾ ਜ਼ਿਲ੍ਹੇ ਵਿੱਚ ਤਿੰਨ ਨਗਰ ਕੌਂਸਲਾਂ ਅਤੇ ਇੱਕ ਨਗਰ ਪੰਚਾਇਤ ਦੀਆਂ ਚੋਣਾਂ ਵੀ ਹੋਈਆਂ। ‘ਆਪ’ ਨੇ ਮਾਛੀਵਾੜਾ ਨਗਰ ਕੌਂਸਲ ਅਤੇ ਸਾਹਨੇਵਾਲ ਨਗਰ ਕੌਂਸਲ ਵਿੱਚ ਜਿੱਤ ਦਰਜ ਕੀਤੀ। ਮੁੱਲਾਂਪੁਰ ਦਾਖਾ ਨਗਰ ਕੌਂਸਲ ’ਤੇ ਕਾਂਗਰਸ ਨੇ ਕਬਜ਼ਾ ਕਰ ਲਿਆ ਜਦਕਿ ਮਲੌਦ ਨਗਰ ਪੰਚਾਇਤ ‘ਤੇ ‘ਆਪ’ ਦੀ ਜਿੱਤ ਹੋਈ। ਖੰਨਾ ਦੇ ਵਾਰਡ ਨੰਬਰ 2 ‘ਚ ਹੋਈ ਚੋਣ ‘ਚ ਚਾਰ ਬੂਥਾਂ ‘ਤੇ ਵੋਟਿੰਗ ਹੋਈ, ਜਿਸ ‘ਚ ਤਿੰਨ ਬੂਥਾਂ ‘ਤੇ ਕਾਂਗਰਸੀ ਉਮੀਦਵਾਰ ਅੱਗੇ ਰਿਹਾ। ਚੌਥੇ ਬੂਥ ‘ਤੇ ਜਿਵੇਂ ਹੀ ਗਿਣਤੀ ਸ਼ੁਰੂ ਹੋਈ ਤਾਂ ਕਮਰੇ ‘ਚ ਮੌਜੂਦ ਇਕ ਉਮੀਦਵਾਰ ਨੇ ਈ.ਵੀ.ਐੱਮ. ਤੋੜ ਦਿੱਤੀ ਜਿਸ ਮਗਰੋਂ ਹੰਗਾਮਾ ਹੋ ਗਿਆ।
ਇਸ ਤੋਂ ਬਾਅਦ ਚੌਥੇ ਬੂਥ ਦੀ ਗਿਣਤੀ ਮੁਲਤਵੀ ਕਰ ਦਿੱਤੀ ਗਈ। ਏਆਰਓ ਨੇ ਰਿਪੋਰਟ ਤਿਆਰ ਕਰਕੇ ਚੋਣ ਕਮਿਸ਼ਨ ਨੂੰ ਭੇਜ ਦਿੱਤੀ ਹੈ। ਕਮਿਸ਼ਨ ਦੇ ਫੈਸਲੇ ਅਨੁਸਾਰ ਅਗਲੇਰੀ ਕਾਰਵਾਈ ਹੋਵੇਗੀ। ਤਿੰਨ ਬੂਥਾਂ ‘ਤੇ ਕਾਂਗਰਸੀ ਉਮੀਦਵਾਰ ਸਤਨਾਮ ਚੌਧਰੀ ਜੇਤੂ ਕਰਾਰ ਦਿੱਤੇ ਗਏ। ਮਾਛੀਵਾੜਾ ਨਗਰ ਕੌਂਸਲ ਦੇ 15 ਵਿੱਚੋਂ 10 ਵਾਰਡਾਂ ਵਿੱਚ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਹੈ। ਜਦੋਂ ਕਿ 3 ਵਾਰਡਾਂ ਵਿੱਚ ਕਾਂਗਰਸ ਅਤੇ 2 ਵਾਰਡਾਂ ਵਿੱਚ ਅਕਾਲੀ ਦਲ ਜੇਤੂ ਰਹੀ।
ਸਾਹਨੇਵਾਲ ਨਗਰ ਕੌਂਸਲ ਦੇ 15 ਵਾਰਡਾਂ ਵਿੱਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ 8, ਕਾਂਗਰਸ ਨੇ 6 ਅਤੇ ਅਕਾਲੀ ਦਲ ਨੇ 1 ਵਾਰਡ ਵਿੱਚ ਜਿੱਤ ਹਾਸਲ ਕੀਤੀ ਹੈ। ਇਸੇ ਤਰ੍ਹਾਂ ਮੁੱਲਾਂਪੁਰ ਦਾਖਾ ਦੇ 13 ਵਾਰਡਾਂ ‘ਚੋਂ ਕਾਂਗਰਸ ਨੇ 7, ‘ਆਪ’ ਨੇ 3 ਅਤੇ ਆਜ਼ਾਦ ਉਮੀਦਵਾਰਾਂ ਨੇ 3 ‘ਤੇ ਜਿੱਤ ਹਾਸਲ ਕੀਤੀ। ਇੱਥੇ ਅਕਾਲੀ ਦਲ ਦਾ ਇੱਕ ਵੀ ਉਮੀਦਵਾਰ ਜਿੱਤ ਦਰਜ ਨਹੀਂ ਕਰ ਸਕਿਆ। ਇਸ ਤੋਂ ਇਲਾਵਾ ਮਲੌਦ ਨਗਰ ਪੰਚਾਇਤ ਦੀਆਂ 11 ਵਿੱਚੋਂ 7 ਸੀਟਾਂ ‘ਤੇ ‘ਆਪ’ ਨੇ ਕਬਜ਼ਾ ਕਰ ਕੇ ਜਿੱਤ ਹਾਸਲ ਕੀਤੀ ਜਦਕਿ ਕਾਂਗਰਸ ਦੇ ਉਮੀਦਵਾਰ 4 ਸੀਟਾਂ ‘ਤੇ ਜਿੱਤ ਹਾਸਲ ਕਰ ਸਕੇ।
ਨਗਰ ਕੌਂਸਲ ਖੰਨਾ ਦੇ ਵਾਰਡ ਨੰਬਰ 2 ਦੀ ਨਿਗਮ ਚੋਣ ਦੌਰਾਨ ਈਵੀਐਮ ਤੋੜਨ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਕਾਂਗਰਸੀਆਂ ਨੇ ਜੰਮੂ ਵੱਲ ਜਾਣ ਵਾਲਾ ਖੰਨਾ-ਨਵਾਂਸ਼ਹਿਰ ਹਾਈਵੇਅ ਜਾਮ ਕਰ ਦਿੱਤਾ। ਦੇਰ ਰਾਤ 2 ਵਜੇ ਤੱਕ ਹਾਈਵੇਅ ‘ਤੇ ਬੈਠੇ ਰਹੇ। ਜਿਸ ਬੂਥ ‘ਤੇ ਕਾਊਂਟਿੰਗ ਦੌਰਾਨ ਈਵੀਐਮ ਟੁੱਟੀ ਸੀ, ਉਥੇ ਲੱਗਾ ਕੈਮਰਾ ਵੀ ਉਖਾੜ ਦਿੱਤਾ ਗਿਆ।
ਇਸ ਦੇ ਨਾਲ ਹੀ ਮੁੱਲਾਂਪੁਰ ਦਾਖਾ ਨਗਰ ਕੌਂਸਲ ਚੋਣਾਂ ਵਿੱਚ ਜਿੱਤਣ ਵਾਲੀ ਆਜ਼ਾਦ ਉਮੀਦਵਾਰ ਸਰਬਜੀਤ ਕੌਰ ਤੇ ਹੋਰਨਾਂ ਦੇ ਕਾਫ਼ਲੇ ’ਤੇ ਪੁਰਾਣੀ ਦਾਣਾ ਮੰਡੀ ਵਿੱਚ ਹਮਲਾ ਕੀਤਾ ਗਿਆ। ਉਨ੍ਹਾਂ ਨੇ ਦੋਸ਼ ਲਾਇਆ ਕਿ ਇਸ ਦੌਰਾਨ 150 ਤੋਂ 200 ਕਾਂਗਰਸੀਆਂ ਨੇ ਉਸ ‘ਤੇ ਤਲਵਾਰਾਂ ਅਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕੀਤਾ। ਇਸ ਦੌਰਾਨ ਆਜ਼ਾਦ ਉਮੀਦਵਾਰ ਸਰਬਜੀਤ ਕੌਰ ਪੁੱਤਰ ਲਵਪ੍ਰੀਤ ਸਿੰਘ ਤੇ ਉਸ ਦਾ ਦੋਸਤ ਰਣਜੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਏ | ਦੋਵਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ।