ਪੂਰਬੀ ਅਫ਼ਰੀਕੀ ਦੇਸ਼ ਮਾਲਾਵੀ ਦੇ ਉਪ ਰਾਸ਼ਟਰਪਤੀ ਸੌਲੋਸ ਚਿਲਿਮਾ ਦੀ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ ਹੈ। ਉਨ੍ਹਾਂ ਨੂੰ ਲੈ ਕੇ ਜਾ ਰਹੇ ਮਲਾਵੀ ਡਿਫੈਂਸ ਫੋਰਸ ਦੇ ਜਹਾਜ਼ ਦਾ ਸੋਮਵਾਰ ਸਵੇਰੇ ਸੰਪਰਕ ਟੁੱਟ ਗਿਆ। ਇਸ ਤੋਂ ਬਾਅਦ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਤਲਾਸ਼ੀ ਮੁਹਿੰਮ ਤੋਂ ਬਾਅਦ ਪਤਾ ਲੱਗਾ ਕਿ ਸੌਲੋਸ ਦੀ ਮੌਤ ਹੋ ਚੁੱਕੀ ਹੈ। ਮਲਾਵੀ ਦੇ ਰਾਸ਼ਟਰਪਤੀ ਲਾਜ਼ਾਰਸ ਚਕਵੇਰਾ ਨੇ ਦੱਸਿਆ ਕਿ ਉਪ ਰਾਸ਼ਟਰਪਤੀ ਦੇ ਜਹਾਜ਼ ਦਾ ਮਲਬਾ 24 ਘੰਟੇ ਦੀ ਤਲਾਸ਼ੀ ਮੁਹਿੰਮ ਤੋਂ ਬਾਅਦ ਬਰਾਮਦ ਕਰ ਲਿਆ ਗਿਆ ਹੈ। ਜਹਾਜ਼ ‘ਚ ਉਪ ਰਾਸ਼ਟਰਪਤੀ ਤੋਂ ਇਲਾਵਾ 9 ਹੋਰ ਲੋਕ ਸਵਾਰ ਸਨ, ਜਿਨ੍ਹਾਂ ਸਾਰਿਆਂ ਦੀ ਇਸ ਹਾਦਸੇ ‘ਚ ਮੌਤ ਹੋ ਗਈ। ਚਿਲਿਮਾ ਨੂੰ 2022 ਵਿਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਗ੍ਰਿਫਤਾਰ ਵੀ ਕੀਤਾ ਗਿਆ ਸੀ। ਉਸ ‘ਤੇ ਸਰਕਾਰੀ ਠੇਕੇ ਦੇਣ ਦੇ ਬਦਲੇ ਪੈਸੇ ਲੈਣ ਦਾ ਦੋਸ਼ ਸੀ, ਜਿਸ ਵਿਚ ਉਹ ਬਰੀ ਹੋ ਗਿਆ ਸੀ। ਉਨ੍ਹਾਂ ਦੇ ਕੇਸ ਵਿੱਚੋਂ ਬਰੀ ਹੋਣ ਤੋਂ ਬਾਅਦ ਰਾਸ਼ਟਰਪਤੀ ਚੋਣ ਲੜਨ ਦਾ ਰਾਹ ਵੀ ਸਾਫ਼ ਹੋ ਗਿਆ ਸੀ।
ਸੋਮਵਾਰ ਨੂੰ ਜਾਣਕਾਰੀ ਸਾਹਮਣੇ ਆਈ ਸੀ ਕਿ ਮਲਾਵੀ ਦੇ ਉਪ ਰਾਸ਼ਟਰਪਤੀ ਸੌਲੋਸ ਚਿਲਿਮਾ ਅਤੇ ਨੌਂ ਹੋਰ ਲੋਕਾਂ ਨੂੰ ਲੈ ਕੇ ਜਾ ਰਿਹਾ ਜਹਾਜ਼ ਲਾਪਤਾ ਹੋ ਗਿਆ ਹੈ। ਮਲਾਵੀ ਡਿਫੈਂਸ ਫੋਰਸ ਦਾ ਜਹਾਜ਼ ਸੋਮਵਾਰ ਸਵੇਰੇ ਰਾਜਧਾਨੀ ਲਿਲੋਂਗਵੇ ਤੋਂ ਉਡਾਣ ਭਰਨ ਤੋਂ ਬਾਅਦ ਰਡਾਰ ਤੋਂ ਗਾਇਬ ਹੋ ਗਿਆ। ਜਹਾਜ਼ ਨਾਲ ਸੰਪਰਕ ਨਾ ਹੋ ਸਕਣ ਤੋਂ ਬਾਅਦ ਰਾਸ਼ਟਰਪਤੀ ਨੇ ਤਲਾਸ਼ੀ ਅਤੇ ਬਚਾਅ ਮੁਹਿੰਮ ਦੇ ਹੁਕਮ ਦਿੱਤੇ। ਜਹਾਜ਼ ਨੇ ਸਥਾਨਕ ਸਮੇਂ ਅਨੁਸਾਰ ਸਵੇਰੇ 10 ਵਜੇ ਤੋਂ ਬਾਅਦ ਦੇਸ਼ ਦੇ ਉੱਤਰ ਵਿਚ ਮਜੂਜੂ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਨਾ ਸੀ। ਮਲਾਵੀ ਦੇ ਰਾਸ਼ਟਰਪਤੀ ਲਾਜ਼ਰਸ ਚੱਕਵੇਰਾ ਨੇ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਬਹਾਮਾਸ ਦੀ ਆਪਣੀ ਯਾਤਰਾ ਰੱਦ ਕਰ ਦਿੱਤੀ। ਰਾਸ਼ਟਰਪਤੀ ਦਫਤਰ ਨੇ ਸੋਮਵਾਰ ਨੂੰ ਕਿਹਾ ਸੀ ਕਿ ਪੂਰੀ ਸਥਿਤੀ ਸਪੱਸ਼ਟ ਹੋਣ ਤੋਂ ਬਾਅਦ ਹੀ ਜਨਤਾ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਜਹਾਜ਼ ਨੂੰ ਲੱਭਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ। ਕਰੀਬ 24 ਘੰਟੇ ਬਾਅਦ ਜਹਾਜ਼ ਦਾ ਮਲਬਾ ਮਿਲਿਆ ਅਤੇ ਚਿਲਿਮਾ ਦੀ ਮੌਤ ਦੀ ਪੁਸ਼ਟੀ ਹੋ ਗਈ।