ਲੁਧਿਆਣਾ, 14 ਜੁਲਾਈ : ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਭੂਮੀ ਵਿਗਿਆਨੀ, ਅਤੇ ਪੀ ਏ ਯੂ ਦੇ ਸਾਬਕਾ ਵਿਦਿਆਰਥੀ ਪਦਮ ਸ਼੍ਰੀ ਪ੍ਰੋਫੈਸਰ ਰਤਨ ਲਾਲ ਨੂੰ ਪੁਰਤਗਾਲ ਸਥਿਤ ਕੈਲੋਸਟ ਗੁਲਬੇਨਕਿਅਨ ਫਾਊਂਡੇਸ਼ਨ ਦੁਆਰਾ ਮਾਨਵਤਾ ਲਈ ਵੱਕਾਰੀ ਗੁਲਬੈਂਕੀਅਨ ਪੁਰਸਕਾਰ – 2024 ਨਾਲ ਸਨਮਾਨਿਤ ਕੀਤਾ ਗਿਆ ਹੈ। ਹਰ ਸਾਲ ਦਿੱਤਾ ਜਾਣ ਵਾਲਾ ਇਹ ਐਵਾਰਡ ਉਹਨਾਂ ਵਿਅਕਤੀਆਂ/ਸੰਸਥਾਵਾਂ ਨੂੰ ਦਿੱਤਾ ਜਾਂਦਾ ਹੈ ਜੋ ਵਿਸ਼ਵ ਭੋਜਨ ਸੁਰੱਖਿਆ, ਜਲਵਾਯੂ ਸੁਰੱਖਿਆ ਅਤੇ ਵਾਤਾਵਰਨ ਦੀ ਸੰਭਾਲ ਲਈ ਯੋਗਦਾਨ ਪਾਉਂਦੇ ਹਨ।
ਪ੍ਰੋਫੈਸਰ ਰਤਨ ਲਾਲ ਨੂੰ ਇਸ ਸਾਲ ਹੋਰ ਇਨਾਮ ਜੇਤੂਆਂ ਨਾਲ 10 ਲੱਖ ਯੂਰੋ ਦੀ ਇਨਾਮੀ ਰਾਸ਼ੀ ਵਾਲਾ ਪੁਰਸਕਾਰ ਪ੍ਰਦਾਨ ਕੀਤਾ ਗਿਆ। ਇਸ ਤੋਂ ਇਲਾਵਾ ਜਿਨ੍ਹਾਂ ਸੰਸਥਾਵਾਂ ਨੂੰ ਇਹ ਐਵਾਰਡ ਦਿੱਤਾ ਗਿਆ ਉਨ੍ਹਾਂ ਵਿਚ ਆਂਧਰਾ ਪ੍ਰਦੇਸ਼ ਕਮਿਊਨਿਟੀ ਮੈਨੇਜਡ ਨੈਚੁਰਲ ਫਾਰਮਿੰਗ ਜੋ ਕਿ ਛੋਟੇ ਧਾਰਕਾਂ, ਮੁੱਖ ਤੌਰ ‘ਤੇ ਔਰਤਾਂ ਦੀ ਕੁਦਰਤੀ ਖੇਤੀ ਲਈ ਸਹਾਇਤਾ ਕਰਨ ਵਾਲਾ ਇੱਕ ਰਾਜ-ਵਿਆਪੀ ਪ੍ਰੋਗਰਾਮ ਹੈ ਦੇ ਨਾਲ ਮਿਸਰ ਦੀ ਇਕ ਗੈਰ ਸਰਕਾਰੀ ਸੰਸਥਾ ਸ਼ਾਮਿਲ ਹਨ।
ਪ੍ਰੋਫੈਸਰ ਰਤਨ ਲਾਲ ਓਹੀਓ ਸਟੇਟ ਯੂਨੀਵਰਸਿਟੀ ਦੇ ਕਾਰਬਨ ਮੈਨੇਜਮੈਂਟ ਅਤੇ ਸੀਕਵੇਸਟ੍ਰੇਸ਼ਨ ਸੈਂਟਰ ਦੇ ਸੰਸਥਾਪਕ ਅਤੇ ਨਿਰਦੇਸ਼ਕ ਵੀ ਹਨ। ਉਨ੍ਹਾਂ ਨੇ ਮੁੱਖ ਤੌਰ ‘ਤੇ ਮਿੱਟੀ ਦੇ ਕਾਰਬਨ ਤੱਤਾਂ ਅਤੇ ਜਲਵਾਯੂ ਤਬਦੀਲੀ ਤੋਂ ਇਲਾਵਾ ਮਿੱਟੀ ਦੀ ਸਿਹਤ ਅਤੇ ਵਿਸ਼ਵ ਖੁਰਾਕ ਸੁਰੱਖਿਆ, ਭੂਮੀ ਦੇ ਮਿਆਰ ਵਿਚ ਆਈ ਗਿਰਾਵਟ, ਮਿੱਟੀ ਦੀ ਗੁਣਵੱਤਾ ਅਤੇ ਟਿਕਾਊ ਖੇਤੀਬਾੜੀ ਬਾਰੇ ਵਿਸ਼ੇਸ਼ ਕਾਰਜ ਕੀਤਾ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਸਥਿਰ ਭੂਮੀ ਸੰਭਾਲ ਦੇ ਖੇਤਰ ਵਿੱਚ ਖੋਜ ਅਤੇ ਸਿੱਖਿਆ ਨੂੰ ਉਤਸ਼ਾਹਿਤ ਕਰਕੇ ਟਿਕਾਊ ਖੇਤੀਬਾੜੀ ਅਤੇ ਜਲਵਾਯੂ ਸੰਭਾਲ ਨੂੰ ਅੱਗੇ ਵਧਾਇਆ ਹੈ।
ਪ੍ਰੋਫੈਸਰ ਰਤਨ ਲਾਲ ਨੂੰ ਇਸ ਤੋਂ ਇਲਾਵਾ ਆਈਪੀਸੀਸੀ ਦੁਆਰਾ 2007 ਵਿਚ ਨੋਬਲ ਸ਼ਾਂਤੀ ਪੁਰਸਕਾਰ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੇ ‘ਯੂਨਾਈਟਿਡ ਨੇਸ਼ਨਜ਼ ਕਨਵੈਨਸ਼ਨ ਟੂ ਕਾਮਬੈਟ ਡੈਜ਼ਰਟੀਫਿਕੇਸ਼ਨ’, ਬੋਨ, ਜਰਮਨੀ, (2013) ਦਾ ਗਲੋਬਲ ਡਰਾਈਲੈਂਡ ਚੈਂਪੀਅਨ ਹੋਣ ਦਾ ਮਾਣ ਪ੍ਰਾਪਤ ਕੀਤਾ। ਪ੍ਰੋਫੈਸਰ ਲਾਲ ਨੂੰ ‘ਜਾਪਾਨ ਪ੍ਰਾਈਜ਼’ (2019), ‘ਵਰਲਡ ਫੂਡ ਪ੍ਰਾਈਜ਼’ (2020), ‘ਪਦਮ ਸ਼੍ਰੀ ਐਵਾਰਡ’ (2021) ਅਤੇ ‘ਪਲਾਂਟ ਸਾਇੰਸ ਐਂਡ ਐਗਰੋਨੋਮੀ ਲੀਡਰ ਐਵਾਰਡ’ (2024) ਵਰਗੇ ਵਿਲੱਖਣ ਪੁਰਸਕਾਰਾਂ ਨਾਲ ਵੀ ਨਿਵਾਜ਼ਿਆ ਗਿਆ ਹੈ।
ਉਨ੍ਹਾਂ ਨੂੰ ‘ਵਿਸ਼ਵ ਦਾ ਸਭ ਤੋਂ ਵੱਧ ਜਾਣੇ ਜਾਣ ਵਾਲੇ ਪੌਦਾ ਵਿਗਿਆਨ ਅਤੇ ਖੇਤੀ ਵਿਗਿਆਨੀ’ (2024) ਵਜੋਂ ਵੀ ਮਾਨਤਾ ਦਿੱਤੀ ਗਈ ਸੀ।
ਪ੍ਰੋਫੈਸਰ ਰਤਨ ਲਾਲ ਨੇ 350,000 ਡਾਲਰ ਪੁਰਸਕਾਰ ਰਾਸ਼ੀ ਓਹੀਓ ਸਟੇਟ ਨੂੰ ਦਾਨ ਕਰਨ ਦੀ ਇੱਛਾ ਜ਼ਾਹਰ ਕੀਤੀ । ਉਨ੍ਹਾਂ ਅੱਗੇ ਦੱਸਿਆ ਕਿ ਪੁਰਸਕਾਰ ਰਾਸ਼ੀ ਤੋਂ 15,000 ਡਾਲਰ ਸਾਲਾਨਾ ਵਿਆਜ ਰਾਸ਼ੀ ਨੂੰ ਪੀ ਏ ਯੂ ਅਤੇ ਆਈ ਏ ਆਰ ਆਈ ਦੇ ਤਿੰਨ ਮਾਹਿਰਾਂ ਦੀ ਸਹਾਇਤਾ ਵਜੋਂ ਪ੍ਰਦਾਨ ਕੀਤੀ ਜਾਵੇਗੀ। ਇਨ੍ਹਾਂ ਤਿੰਨ ਖੋਜ ਵਿਦਵਾਨਾਂ ਨੂੰ, ਜਿਨ੍ਹਾਂ ਨੂੰ ਲਾਲ ਕਾਰਬਨ ਸੈਂਟਰ ਵਿੱਚ ਬੁਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਕਾਲਰਸ਼ਿਪ ਪ੍ਰੋਗਰਾਮ ਲਈ ਰਸਮੀ ਅਕਾਦਮਿਕ ਪ੍ਰਬੰਧ ਅਗਲੇ ਸਾਲ ਤੋਂ ਸ਼ੁਰੂ ਹੋ ਜਾਣਗੇ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਪ੍ਰੋਫੈਸਰ ਰਤਨ ਲਾਲ ਨੂੰ 2024 ਗੁਲਬੈਂਕੀਅਨ ਪ੍ਰਾਈਜ਼ ਫਾਰ ਹਿਊਮੈਨਿਟੀ ਦਾ ਸਨਮਾਨਯੋਗ ਜੇਤੂ ਬਣਨ ਲਈ ਦਿਲੋਂ ਵਧਾਈ ਦਿੱਤੀ ਹੈ। ਡਾ: ਗੋਸਲ ਨੇ ਕਾਰਬਨ ਪ੍ਰਬੰਧਨ ਦੇ ਖੇਤਰ ਵਿੱਚ ਖੋਜ ਨੂੰ ਅੱਗੇ ਵਧਾਉਣ ਲਈ ਵਿਦਵਾਨਾਂ ਦੇ ਸਹਿਯੋਗ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲਈ ਕੀਤੇ ਸਹਿਯੋਗ ਲਈ ਵੀ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਆਖਿਆ ਕਿ ਪੀਏਯੂ ਪ੍ਰੋਫ਼ੈਸਰ ਰਤਨ ਲਾਲ ਦੇ ਕਾਰਜ ਉੱਪਰ ਮਾਣ ਮਹਿਸੂਸ ਕਰਦੀ ਹੈ। ਉਨ੍ਹਾਂ ਨੂੰ ਮਿਲਣ ਵਾਲਾ ਹਰ ਸਨਮਾਨ ਪੀ ਏ ਯੂ ਦੇ ਮਾਣ ਵਿੱਚ ਵਾਧਾ ਕਰਦਾ ਹੈ। ਪੀ ਏ ਯੂ ਦੇ ਵਿਗਿਆਨੀਆਂ ਦੇ ਸਨਮਾਨ ਲਈ ਉਨ੍ਹਾਂ ਵੱਲੋਂ ਕੀਤੀ ਪਹਿਲਕਦਮੀ ਸ਼ਲਾਘਾ ਦੀ ਹੱਕਦਾਰ ਹੈ।