Friday, November 22, 2024
spot_img

ਮਨਿਸਟਰ ਫ਼ਲਾਇੰਗ ਸਕੁਐਡ ਨੇ ਪੰਜ ਮਹੀਨਿਆਂ ‘ਚ ਟਿਕਟ ਤੇ ਡੀਜ਼ਲ ਚੋਰੀ, ਅਣਅਧਿਕਾਰਤ ਰੂਟ ‘ਤੇ ਬੱਸ ਚਲਾਉਣ ਅਤੇ ਮੋਬਾਈਲ ਵਰਤਣ ਜਿਹੇ 119 ਮਾਮਲੇ ਕੀਤੇ ਰਿਪੋਰਟ: ਲਾਲਜੀਤ ਸਿੰਘ ਭੁੱਲਰ

Must read

ਚੰਡੀਗੜ੍ਹ: ਜਨਤਕ ਬੱਸ ਸੇਵਾਵਾਂ ਵਿੱਚ ਊਣਤਾਈਆਂ ਖ਼ਤਮ ਕਰਨ ਦੇ ਮਨਸ਼ੇ ਨਾਲ ਗਠਤ ਕੀਤੇ ਗਏ “ਮਨਿਸਟਰ ਫ਼ਲਾਇੰਗ ਸਕੁਐਡ” ਨੇ ਮਹਿਜ਼ ਪੰਜ ਮਹੀਨਿਆਂ ਦੇ ਅੰਦਰ ਕੁੱਲ 119 ਵੱਖੋ-ਵੱਖ ਮਾਮਲੇ ਰਿਪੋਰਟ ਕੀਤੇ ਹਨ, ਜਿਨ੍ਹਾਂ ਵਿੱਚ ਟਿਕਟ ਰਾਸ਼ੀ ਦੀ ਹੇਰਾਫੇਰੀ, ਬੱਸਾਂ ਵਿੱਚੋਂ ਡੀਜ਼ਲ ਚੋਰੀ, ਅਣਅਧਿਕਾਰਤ ਰੂਟ ‘ਤੇ ਬੱਸ ਚਲਾਉਣ, ਬੱਸ ਚਲਾਉਂਦੇ ਸਮੇਂ ਮੋਬਾਈਲ ਵਰਤਣ ਜਿਹੇ ਮਾਮਲੇ ਸ਼ਾਮਲ ਹਨ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਟਿਕਟ ਚੋਰੀ ਦੀਆਂ ਸ਼ਿਕਾਇਤਾਂ ਰੋਕਣ ਅਤੇ ਬੱਸ ਸਟੈਂਡਾਂ ਵਿਖੇ ਬੱਸ ਟਾਈਮ-ਟੇਬਲ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਯਕੀਨੀ ਬਣਾਉਣ ਦੇ ਉਦੇਸ਼ ਨਾਲ ਮਨਿਸਟਰ ਫ਼ਲਾਇੰਗ ਸਕੁਐਡ ਦਾ ਗਠਨ 16 ਮਈ, 2023 ਨੂੰ ਕੀਤਾ ਗਿਆ ਸੀ ਅਤੇ ਇਸ ਅਰਸੇ ਦੌਰਾਨ ਚੈਕਿੰਗ ਟੀਮ ਦੀ ਵਧੀਆ ਕਾਰਗੁਜ਼ਾਰੀ ਨਾਲ ਜਨਤਕ ਬੱਸ ਸੇਵਾ ਵਿੱਚ ਬਹੁਤ ਸੁਧਾਰ ਵੇਖਣ ਨੂੰ ਮਿਲਿਆ ਹੈ।

ਉਨ੍ਹਾਂ ਦੱਸਿਆ ਕਿ ਫ਼ਲਾਇੰਗ ਸਕੁਐਡ ਵੱਲੋਂ ਹੁਣ ਤੱਕ ਕੁੱਲ 119 ਮਾਮਲੇ ਵਿਭਾਗ ਨੂੰ ਰਿਪੋਰਟ ਕੀਤੇ ਗਏ ਹਨ, ਜਿਨ੍ਹਾਂ ਵਿੱਚ ਕੰਡਕਟਰਾਂ ਵੱਲੋਂ ਟਿਕਟ ਰਾਸ਼ੀ ਦੇ ਗ਼ਬਨ ਦੇ 22 ਮਾਮਲੇ ਅਤੇ ਡਰਾਈਵਰਾਂ ਵੱਲੋਂ ਬੱਸਾਂ ਵਿੱਚੋਂ ਡੀਜ਼ਲ ਚੋਰੀ ਦੇ 9 ਮਾਮਲੇ ਸ਼ਾਮਲ ਹਨ ਜਦਕਿ ਵਿਭਾਗ ਨੂੰ ਜਾਣਬੁੱਝ ਕੇ ਵਿੱਤੀ ਨੁਕਸਾਨ ਪਹੁੰਚਾਉਣ ਦੇ 2 ਮਾਮਲੇ ਫ਼ਲਾਇੰਗ ਸਕੁਐਡ ਨੇ ਫੜੇ ਹਨ। ਇਸੇ ਤਰ੍ਹਾਂ ਨਿਰਧਾਰਤ ਰੂਟ ਦੀ ਬਜਾਏ ਪੁੱਲ ਉਪਰੋਂ ਬੱਸ ਲੈ ਜਾਣ ਦੇ 44 ਮਾਮਲੇ ਅਤੇ ਸ਼ਹਿਰ ਦੀ ਬਜਾਏ ਬਾਈਪਾਸ ਤੋਂ ਬੱਸ ਲੈ ਜਾਣ ਦੇ 22 ਮਾਮਲੇ ਰਿਪੋਰਟ ਕੀਤੇ ਗਏ ਹਨ। ਇਸ ਤੋਂ ਇਲਾਵਾ ਬੱਸ ਚਲਾਉਣ ਸਮੇਂ ਡਰਾਈਵਰ ਵੱਲੋਂ ਮੋਬਾਈਲ ਵਰਤਣ, ਅਣ-ਅਧਿਕਾਰਤ ਢਾਬੇ ‘ਤੇ ਬੱਸ ਰੋਕਣ, ਡਿਊਟੀ ਤੋਂ ਗ਼ੈਰ-ਹਾਜ਼ਰ ਰਹਿਣ ਅਤੇ ਬੱਸ ਨੂੰ ਬਿਲਕੁਲ ਖ਼ਾਲੀ ਲੈ ਕੇ ਜਾਣ ਦਾ ਇੱਕ-ਇੱਕ ਮਾਮਲਾ ਫੜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ 16 ਮਾਮਲਿਆਂ ਵਿੱਚ ਸਵਾਰੀਆਂ ਨੂੰ ਦੱਸ ਗੁਣਾਂ ਜੁਰਮਾਨੇ ਕੀਤੇ ਗਏ ਹਨ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਸਾਰੇ ਮਾਮਲਿਆਂ ਵਿੱਚ ਦੋਸ਼ੀ ਡਰਾਈਵਰਾਂ ਅਤੇ ਕੰਡਕਟਰਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।

ਦੱਸ ਦੇਈਏ ਕਿ ਮਨਿਸਟਰ ਫ਼ਲਾਇੰਗ ਸਕੁਐਡ ਨੂੰ ਬੱਸ ਸਟੈਂਡ ਵਿਖੇ ਸਮੁੱਚੇ ਬੱਸ ਆਪ੍ਰੇਸ਼ਨ ਨੂੰ ਪ੍ਰਮਾਣਤ ਟਾਈਮ-ਟੇਬਲ ਅਨੁਸਾਰ ਚੈੱਕ ਕਰਨ, ਸਮੂਹ ਰੂਟਾਂ ‘ਤੇ ਚਲ ਰਹੀ ਐਸ.ਟੀ.ਯੂ. ਦੀ ਬੱਸ ਸਰਵਿਸ ਦੀ ਚੈਕਿੰਗ ਸਣੇ ਡਿਪੂਆਂ ਦੀ ਮੁਕੰਮਲ ਚੈਕਿੰਗ ਦਾ ਜ਼ਿੰਮਾ ਸੌਂਪਿਆ ਗਿਆ ਹੈ। ਇਸੇ ਤਰ੍ਹਾਂ ਇਸ ਟੀਮ ਨੂੰ ਹਰ ਚੈਕਿੰਗ ਉਪਰੰਤ ਡਾਇਰੈਕਟਰ ਸਟੇਟ ਟਰਾਂਸਪੋਰਟ ਨੂੰ ਆਪਣੀ ਰਿਪੋਰਟ ਪੇਸ਼ ਕਰਨ ਲਈ ਪਾਬੰਦ ਕੀਤਾ ਗਿਆ ਹੈ, ਜੋ ਅੱਗੇ ਸਿੱਧਾ ਟਰਾਂਸਪੋਰਟ ਮੰਤਰੀ ਨੂੰ ਰਿਪੋਰਟ ਕਰਨਗੇ।

ਪੰਜਾਬ ਰੋਡਵੇਜ਼ ਲੁਧਿਆਣਾ ਦੇ ਜਨਰਲ ਮੈਨੇਜਰ ਸ੍ਰੀ ਨਵਰਾਜ ਬਾਤਿਸ਼ ਦੀ ਅਗਵਾਈ ਵਾਲੀ ਟੀਮ ਵਿੱਚ ਪੰਜ ਮੈਂਬਰ ਸ੍ਰੀ ਮਦਨ ਲਾਲ (ਐਸ.ਐਸ), ਸ੍ਰੀ ਰਾਮੇਸ਼ ਕੁਮਾਰ (ਇੰਸਪੈਕਟਰ), ਸ੍ਰੀ ਸੁਖਵਿੰਦਰ ਸਿੰਘ (ਇੰਸਪੈਕਟਰ), ਸ੍ਰੀ ਸੁਰਿੰਦਰ ਕੁਮਾਰ (ਸਬ-ਇੰਸਪੈਕਟਰ) ਅਤੇ ਸ੍ਰੀ ਸੁਖਦੀਪ ਸਿੰਘ (ਸਬ-ਇੰਸਪੈਕਟਰ) ਨੂੰ ਸ਼ਾਮਲ ਕੀਤਾ ਗਿਆ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article