ਭਾਰਤ ਨੇ ਪਾਕਿਸਤਾਨ ਲਈ ਸਾਰੀਆਂ ਸ਼੍ਰੇਣੀਆਂ ਦੀਆਂ ਡਾਕ ਅਤੇ ਪਾਰਸਲ ਸੇਵਾਵਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਹੁਣ ਪਾਕਿਸਤਾਨ ਤੋਂ ਨਾ ਤਾਂ ਕੋਈ ਡਾਕ ਜਾਂ ਪਾਰਸਲ ਭੇਜਿਆ ਜਾ ਸਕਦਾ ਹੈ ਅਤੇ ਨਾ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਫੈਸਲਾ ਦੱਖਣੀ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਲਿਆ ਗਿਆ ਹੈ, ਜਿਸ ਵਿੱਚ 26 ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਹਮਲੇ ਵਿੱਚ ਮਾਰੇ ਗਏ ਜ਼ਿਆਦਾਤਰ ਸੈਲਾਨੀ ਸਨ।
ਭਾਰਤ ਨੇ ਇਹ ਕਦਮ ਇਸ ਹਮਲੇ ਤੋਂ ਬਾਅਦ ਚੁੱਕਿਆ ਹੈ ਜਿਸਦੀ ਜ਼ਿੰਮੇਵਾਰੀ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਜੁੜੇ ਸਮੂਹ ‘ਦਿ ਰੇਸਿਸਟੈਂਸ ਫਰੰਟ’ (ਟੀਆਰਐਫ) ਨੇ ਲਈ ਸੀ। ਇਹ ਹਮਲਾ 2019 ਦੇ ਪੁਲਵਾਮਾ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਸਭ ਤੋਂ ਵੱਡਾ ਅੱਤਵਾਦੀ ਹਮਲਾ ਸੀ, ਜਿਸ ਵਿੱਚ 47 ਸੀਆਰਪੀਐਫ ਜਵਾਨ ਸ਼ਹੀਦ ਹੋ ਗਏ ਸਨ।
ਇਸ ਤੋਂ ਪਹਿਲਾਂ ਭਾਰਤ ਨੇ ਤੁਰੰਤ ਪ੍ਰਭਾਵ ਨਾਲ ਪਾਕਿਸਤਾਨ ਤੋਂ ਸਾਰੇ ਸਮਾਨ ਦੇ ਸਿੱਧੇ ਜਾਂ ਅਸਿੱਧੇ ਆਯਾਤ ‘ਤੇ ਪਾਬੰਦੀ ਲਗਾ ਦਿੱਤੀ ਹੈ। ਭਾਰਤ ਸਰਕਾਰ ਵੱਲੋਂ ਜਾਰੀ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਇਹ ਪਾਬੰਦੀ ਵਿਦੇਸ਼ੀ ਵਪਾਰ ਨੀਤੀ (FTP) 2023 ਵਿੱਚ ਇੱਕ ਨਵੀਂ ਵਿਵਸਥਾ ਵਜੋਂ ਸ਼ਾਮਲ ਕੀਤੀ ਗਈ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਵਿੱਚ ਪੈਦਾ ਹੋਣ ਵਾਲੇ ਜਾਂ ਨਿਰਯਾਤ ਕੀਤੇ ਜਾਣ ਵਾਲੇ ਸਾਰੇ ਸਮਾਨ ਦਾ ਸਿੱਧਾ ਜਾਂ ਅਸਿੱਧਾ ਆਯਾਤ ਅਗਲੇ ਹੁਕਮਾਂ ਤੱਕ ਪਾਬੰਦੀਸ਼ੁਦਾ ਰਹੇਗਾ। ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ (DGFT) ਨੇ ਕਿਹਾ ਹੈ ਕਿ ਇਹ ਕਦਮ ਰਾਸ਼ਟਰੀ ਸੁਰੱਖਿਆ ਅਤੇ ਜਨਤਕ ਨੀਤੀ ਦੇ ਹਿੱਤ ਵਿੱਚ ਚੁੱਕਿਆ ਗਿਆ ਹੈ।