ਕਿਸਾਨਾਂ ਨੇ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ 30 ਦਸੰਬਰ ਨੂੰ ਪੰਜਾਬ ਬੰਦ ਦਾ ਫੈਸਲਾ ਕੀਤਾ ਹੈ। ਇਸ ਮੁਜ਼ਾਹਰੇ ਵਿੱਚ ਪਨਬੱਸ ਪੀਆਰਟੀਸੀ ਵਰਕਰ ਯੂਨੀਅਨ ਦੇ ਮੁਲਾਜ਼ਮ ਵੀ ਸ਼ਮੂਲੀਅਤ ਕਰਨਗੇ।
ਅਜਿਹੇ ਵਿੱਚ ਪੂਰੇ ਪੰਜਾਬ ਵਿੱਚ ਕਰੀਬ ਚਾਰ ਘੰਟੇ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ। 1125 ਬੱਸਾਂ ਦੇ ਪਹੀਏ ਪੂਰੀ ਤਰ੍ਹਾਂ ਜਾਮ ਹੋ ਜਾਣਗੇ। ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੱਸਾਂ ਸੜਕ ‘ਤੇ ਨਹੀਂ ਆਉਣਗੀਆਂ।
ਪੰਜਾਬ ਬੰਦ ਨੂੰ ਲੈ ਕੇ ਯੂਨੀਅਨ ਦੀ ਮੀਟਿੰਗ ਹੋਈ ਹੈ। ਇਸ ਵਿੱਚ ਸੰਘਰਸ਼ ਦੀ ਰਣਨੀਤੀ ਬਣਾਈ ਗਈ ਹੈ। ਇਸ ਦੌਰਾਨ ਯੂਨੀਅਨ ਦੇ ਚੇਅਰਮੈਨ ਬਲਜਿੰਦਰ ਸਿੰਘ ਰਾਠ ਅਤੇ ਪ੍ਰਧਾਨ ਰੇਸ਼ਮ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੇ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਪਰ ਪੂਰੇ ਦਿਨ ਦੀ ਹੜਤਾਲ ਸੰਭਵ ਨਹੀਂ ਹੈ।
ਅਸੀਂ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ। ਇਸ ਕਾਰਨ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੱਸਾਂ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।