ਭਵਾਨੀਗੜ੍ਹ ਨੇੜਲੇ ਪਿੰਡ ਅਕਬਰਪੁਰ ਦੇ ਇੱਕ ਨੌਜਵਾਨ ਕਿਸਾਨ ਨੇ ਬੇਮੌਸਮੀ ਬਾਰਿਸ਼ ਦੀ ਮਾਰ ਹੇਠ ਆ ਕੇ ਖਰਾਬ ਹੋਈ ਆਪਣੀ ਫਸਲ ਦੇ ਨੁਕਸਾਨ ਤੋਂ ਪ੍ਰੇਸ਼ਾਨ ਹੁੰਦਿਆਂ ਬੀਤੀ ਰਾਤ ਪਿੰਡ ਕਪਿਆਲ ਵਿਖੇ ਸਥਿਤ ਆਪਣੀ ਵਰਕਸ਼ਾਪ ਵਿੱਚ ਗਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਨੌਜਵਾਨ ਠੇਕੇ ‘ਤੇ ਜ਼ਮੀਨ ਲੈ ਕੇ ਖੇਤੀਬਾੜੀ ਕਰਨ ਦੇ ਨਾਲ ਆਪਣੀ ਵਰਕਸ਼ਾਪ ਵੀ ਚਲਾਉਂਦਾ ਸੀ। ਪਿੰਡ ਦੀ ਪੁਲਿਸ ਚੌਕੀ ਦੇ ਏ.ਐੱਸ.ਆਈ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਅਕਬਰਪੁਰ ਦੇ ਗੁਰਦੇਵ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਸਦਾ ਲੜਕਾ ਦਲਬਾਰਾ ਸਿੰਘ ਉਰਫ ਦਰਸ਼ਨ ਸਿੰਘ (33) ਸਾਲ ਜੋ ਪਿੰਡ ਕਪਿਆਲ ਵਿਖੇ ਵਰਕਸ਼ਾਪ ਕਰਦਾ ਸੀ ਜੋ ਹਾਲੇ ਕੁਆਰਾ ਸੀ। ਉਸਦੇ ਕੋਲ ਅਪਣੀ 9 ਵਿਘੇ ਜ਼ਮੀਨ ਸੀ ਤੇ ਕਰੀਬ 40 ਕਿਲੇ ਜ਼ਮੀਨ ਠੇਕੇ ਉੱਤੇ ਲੈ ਕੇ ਖੇਤੀ ਕਰਦਾ ਸੀ।
ਗੁਰਦੇਵ ਸਿੰਘ ਨੇ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਪਈ ਬੇਮੌਸਮੀ ਤੇਜ਼ ਬਾਰਿਸ਼ ਕਾਰਨ ਆਪਣੀ ਫ਼ਸਲ ਦੇ ਹੋਏ ਨੁਕਸਾਨ ਕਾਰਨ ਉਸਦਾ ਲੜਕਾ ਦਲਬਾਰਾ ਸਿੰਘ ਪਿਛਲੇ ਕੁਝ ਦਿਨਾਂ ਤੋਂ ਪ੍ਰੇਸ਼ਾਨੀ ‘ਚੋਂ ਗੁਜ਼ਰ ਰਿਹਾ ਸੀ ਤੇ ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਉਸਨੇ ਬੁੱਧਵਾਰ ਦੀ ਰਾਤ ਆਪਣੀ ਵਰਕਸ਼ਾਪ ‘ਚ ਪੱਖੇ ਨਾਲ ਫਾਹਾ ਲਾ ਕੇ ਆਪਣੀ ਜੀਵਨਲੀਲਾ ਖਤਮ ਲਈ। ਏ.ਐੱਸ.ਆਈ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ ‘ਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਸਬੰਧੀ 174 ਦੀ ਕਾਰਵਾਈ ਅਮਲ ‘ਚ ਲਿਆਂਦੀ ਹੈ।