ਗੋਗੀ ਨੇ ਕਿਹਾ ਕਿ ਇਸ ਦੀ ਪੂਰੀ ਰਿਪੋਰਟ ਤਿਆਰ ਕਰਕੇ ਸੀਐਮ ਭਗਵੰਤ ਮਾਨ ਨੂੰ ਭੇਜੀ ਜਾਵੇਗੀ
ਲੁਧਿਆਣਾ, 11 ਸਤੰਬਰ । ਬੁੱਢਾ ਦਰਿਆ ਦੇ ਕੰਢੇ ’ਤੇ ਲੱਗੇ ਪੁਲ ਦਾ ਉਦਘਾਟਨੀ ਪੱਥਰ ਤੋੜ ਕੇ ਪੰਜਾਬ ਦੀ ਸਿਆਸਤ ’ਚ ਚਰਚਾ ਦਾ ਵਿਸ਼ਾ ਬਣੇ ਆਮ ਆਦਮੀ ਪਾਰਟੀ ਦੇ ਹਲਕਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਨੇ ਬੁੱਧਵਾਰ ਨੂੰ ਬੁੱਢਾ ਦਰਿਆ ਦੀ ਸਫਾਈ ਦਾ ਮੁਆਇਨਾ ਕਰਨ ਲਈ ਪ੍ਰਦੂਸ਼ਣ ਬੋਰਡ ਦੇ ਅਧਿਕਾਰੀਆਂ ਨਾਲ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਸਾਰੀ ਵੀਡੀਓ ਵੀ ਦਿਖਾਈ ਅਤੇ ਬੁੱਢਾ ਦਰਿਆ ਦੀ ਸਫਾਈ ਲਈ ਬਣਾਈ ਕਮੇਟੀ ਦੇ ਮੈਂਬਰ ਅਤੇ ਪ੍ਰਦੂਸ਼ਣ ਬੋਰਡ ਦੇ ਐਕਸੀਅਨ ਗੁਰਮੀਤ ਸਿੰਘ ਨੂੰ ਬੁਲਾਇਆ ਗਿਆ। ਜਦੋਂ ਗੁਰਪ੍ਰੀਤ ਗੋਗੀ ਨੇ ਅਧਿਕਾਰੀਆਂ ਨੂੰ ਸਵਾਲ ਪੁੱਛੇ ਤਾਂ ਪ੍ਰਦੂਸ਼ਣ ਬੋਰਡ ਦੇ ਅਧਿਕਾਰੀ ਜਵਾਬ ਦੇਣ ਦੀ ਬਜਾਏ ਬਿਨਾਂ ਕਿਸੇ ਨੂੰ ਦੱਸੇ ਚੁੱਪਚਾਪ ਉਥੋਂ ਖਿਸਕ ਗਏ। ਜਦੋਂ ਇਸ ਬਾਰੇ ‘ਆਪ’ ਵਿਧਾਇਕ ਗੋਗੀ ਨੂੰ ਪਤਾ ਲੱਗਾ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੀ ਪੂਰੀ ਰਿਪੋਰਟ ਤਿਆਰ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜਣਗੇ। ਵਿਧਾਇਕ ਗੋਗੀ ਨੇ ਪ੍ਰਦੂਸ਼ਣ ਬੋਰਡ ਦੇ ਅਧਿਕਾਰੀਆਂ ਨੂੰ ਵੀਡੀਓ ਵੀ ਦਿਖਾਈ, ਜਿਸ ਵਿੱਚ ਡਾਇੰਗਾਂ ਦਾ ਪਾਣੀ ਬਿਨਾਂ ਕਿਸੇ ਐਸ.ਟੀ.ਪੀ ਪਲਾਂਟ (ਸੀਵਰੇਜ ਟ੍ਰਰੀਟਮੈਂਟ ਪਲਾਂਟ) ਦੇ ਬੁੱਢਾ ਦਰਿਆ ਨੂੰ ਸਿੱਧਾ ਦੂਸ਼ਿਤ ਕਰਦਾ ਨਜ਼ਰ ਆ ਰਿਹਾ ਹੈ।
‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਪ੍ਰਦੂਸ਼ਣ ਬੋਰਡ ਦੇ ਅਧਿਕਾਰੀ ਆਪਣੀ ਜਵਾਬ ਤਲਬੀ ਤੋਂ ਭੱਜ ਰਹੇ ਹਨ। ਅੱਜ ਮੁੱਖ ਇੰਜਨੀਅਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬੁੱਢਾ ਦਰਿਆ ਦੀ ਸਫ਼ਾਈ ਸਬੰਧੀ ਚੰਡੀਗੜ੍ਹ ਬੁਲਾਇਆ ਗਿਆ ਹੈ। ਐਕਸੀਅਨ ਗੁਰਮੀਤ ਸਿੰਘ ਆਪਣੀ ਟੀਮ ਨਾਲ ਮੌਕੇ ’ਤੇ ਪੁੱਜੇ, ਪਰ ਜਵਾਬ ਤਲਬੀ ਦੇ ਸਮੇਂ ਉਨ੍ਹਾਂ ਦੇ ਬੁੱਲ ਕੰਬ ਰਹੇ ਸਨ। ਪ੍ਰਦੂਸ਼ਣ ਬੋਰਡ ਦੇ ਅਧਿਕਾਰੀਆਂ ਨੇ ਬੁੱਢਾ ਦਰਿਆ ਦੀ ਸਫ਼ਾਈ ਲਈ ਕੋਈ ਕੰਮ ਨਹੀਂ ਕੀਤਾ ਹੈ। ਡਾਇੰਗਾਂ ਤੋਂ ਬਿਨਾਂ ਐਸਟੀਪੀ ਦੇ ਪਾਣੀ ਸਿੱਧਾ ਦਰਿਆ ਵਿੱਚ ਪੈ ਰਿਹਾ ਹੈ। ਸ਼ਿਵ ਪੁਰੀ ਅਤੇ ਮਾਧੋਪੁਰੀ ਦੀਆਂ ਗਲੀਆਂ ਵਿੱਚ ਅਜਿਹੀਆਂ ਹਜ਼ਾਰਾਂ ਯੂਨਿਟ ਹਨ ਜੋ ਬਿਨਾਂ ਐਸਟੀਪੀ ਤੋਂ ਚੱਲ ਰਹੀਆਂ ਹਨ। ਪ੍ਰਦੂਸ਼ਣ ਬੋਰਡ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਬੁੱਢਾ ਦਰਿਆ ਪ੍ਰਦੂਸ਼ਿਤ ਹੋ ਰਿਹਾ ਹੈ। ਜਦੋਂ ਐਕਸੀਅਨ ਗੁਰਮੀਤ ਸਿੰਘ ਤੋਂ ਬੁੱਢਾ ਦਰਿਆ ਦੀ ਮੁਕੰਮਲ ਰਿਪੋਰਟ ਮੰਗੀ ਗਈ ਤਾਂ ਉਹ ਬਿਨਾਂ ਕੋਈ ਤਸੱਲੀਬਖਸ਼ ਜਵਾਬ ਦਿੱਤੇ ਮੌਕੇ ਤੋਂ ਭੱਜ ਗਏ। ਅਧਿਕਾਰੀ ਦੀ ਬੋਡੀ ਲੈਂਗਵੇਜ ਵੀ ਠੀਕ ਨਹੀਂ ਹੈ। ਉਹ ਨਹੀਂ ਜਾਣਦਾ ਕਿ ਲੋਕ ਨੁਮਾਇੰਦੇ ਨਾਲ ਕਿਵੇਂ ਗੱਲ ਕਰਨੀ ਹੈ। ਗੋਗੀ ਨੇ ਕਿਹਾ ਕਿ ਇਸ ਅਧਿਕਾਰੀ ਦੀ ਰਿਪੋਰਟ ਤਿਆਰ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਭੇਜੀ ਜਾਵੇਗੀ। ਪ੍ਰਦੂਸ਼ਣ ਵਿਭਾਗ ਬਿਲਕੁਲ ਵੀ ਕੰਮ ਨਹੀਂ ਕਰ ਰਿਹਾ ਅਤੇ ਸਰਕਾਰ ਨੂੰ ਬਦਨਾਮ ਕੀਤਾ ਜਾ ਰਿਹਾ ਹੈ।