ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਸ਼ਨੀਵਾਰ ਦੇਰ ਸ਼ਾਮ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਨਤਮਸਤਕ ਹੋਏ। ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਿਆ ਅਤੇ ਅਰਦਾਸ ਕੀਤੀ। ਰਣਵੀਰ ਸਿੰਘ ਨੇ ਸਫੇਦ ਕੁੜਤਾ ਪਜਾਮਾ ਪਾਇਆ ਹੋਇਆ ਸੀ।
ਜਿਵੇਂ ਹੀ ਰਣਵੀਰ ਸਿੰਘ ਮੱਥਾ ਟੇਕਣ ਲਈ ਝੁਕਿਆ ਤਾਂ ਸਾਹਮਣੇ ਤੋਂ ਲੋਕਾਂ ਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਫੋਟੋਆਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ।
ਰਣਵੀਰ ਸਿੰਘ ਕੋਲ ਸੁਰੱਖਿਆ ਸੀ। ਉਨ੍ਹਾਂ ਮੀਡੀਆ ਨਾਲ ਗੱਲ ਨਹੀਂ ਕੀਤੀ। ਰਣਵੀਰ ਸਿੰਘ ਦੀ ਪਤਨੀ ਦੀਪਿਕਾ ਪਾਦੂਕੋਣ ਨੇ 8 ਸਤੰਬਰ ਨੂੰ ਬੇਟੀ ਨੂੰ ਜਨਮ ਦਿੱਤਾ ਹੈ। ਕਰੀਬ ਢਾਈ ਮਹੀਨੇ ਬਾਅਦ ਉਹ ਹਰਿਮੰਦਰ ਸਾਹਿਬ ਨਤਮਸਤਕ ਹੋਏ ਅਤੇ ਅਸ਼ੀਰਵਾਦ ਲਿਆ।
ਇਸ ਤੋਂ ਪਹਿਲਾਂ ਰਣਵੀਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੁਕੋਣ 2019 ਵਿੱਚ ਆਪਣੀ ਪਹਿਲੀ ਵਿਆਹ ਦੀ ਵਰ੍ਹੇਗੰਢ ‘ਤੇ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ ਸਨ। ਇਸ ਦੌਰਾਨ ਦੀਪਿਕਾ ਪਾਦੁਕੋਣ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰ ਦੇ ਹੋਰ ਮੈਂਬਰ ਵੀ ਉਨ੍ਹਾਂ ਦੇ ਨਾਲ ਸਨ। ਹੁਣ ਉਨ੍ਹਾਂ ਦੇ ਵਿਆਹ ਨੂੰ 14 ਨਵੰਬਰ 2024 ਨੂੰ 6 ਸਾਲ ਪੂਰੇ ਹੋ ਗਏ ਹਨ।