ਗੁਰਦੁਆਰਾ ਸ੍ਰੀ ਬੀੜ ਬਾਬਾ ਬੁੱਢਾ ਸਾਹਿਬ ਜੀ ਉਹ ਪਵਿੱਤਰ ਅਸਥਾਨ ਹੈ, ਜਿਥੇ ਬਾਬਾ ਬੁੱਢਾ ਸਾਹਿਬ ਜੀ ਨੇ ਮਾਤਾ ਗੰਗਾ ਜੀ ਨੂੰ ਪੁੱਤਰ ਦਾ ਵਰ ਦਿੱਤਾ। ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਅੰਮ੍ਰਿਤਸਰ ਤੋਂ ਕੋਈ 20-25 ਕਿਲੋਮੀਟਰ ਦੂਰ ਖੇਮਕਰਨ ਰੋਡ ਨਜਦੀਕ ਕਸਬਾ ਝਬਾਲ ਨੇੜੇ ਸੁਸ਼ੋਭਿਤ ਹੈ। ਗੁਰਦੁਆਰਾ ਬੀੜ ਸਾਹਿਬ ਦਾ ਸਬੰਧ ਬ੍ਰਹਮਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਹੈ ।
ਬਾਬਾ ਬੁੱਢਾ ਜੀ ਨੂੰ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਸੇਵਾ ਅਤੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਪੰਜ ਗੁਰੂ ਸਾਹਿਬਾਨ ਜੀ ਨੂੰ ਗੱਦੀ ਤਿਲਕ ਬਖਸ਼ਿਸ਼ ਕੀਤਾ। ਜਦੋਂ ਸ੍ਰੀ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਵਿਚ ਰਹਿੰਦੇ ਸਨ ਤਾਂ ਉਨ੍ਹਾਂ ਦੇ ਪਰਮ ਸੇਵਕ ਬਾਬਾ ਬੁੱਢਾ ਸਾਹਿਬ ਜੀ ਸੰਗਤਾਂ ਦੀ ਸੇਵਾ ਅਤੇ ਨਾਮ ਸਿਮਰਨ ਵਿਚ ਲੱਗੇ ਰਹਿੰਦੇ ਸਨ।
ਮੁਗਲ ਬਾਦਸ਼ਾਹ ਅਕਬਰ ਗੁਰੂ ਜੀ ਤੋਂ ਬਹੁਤ ਪ੍ਰਭਾਵਿਤ ਸੀ ਜਦੋਂ ਅਕਬਰ ਬਾਦਸ਼ਾਹ ਗੋਇੰਦਵਾਲ ਸਾਹਿਬ ਵਿਖੇ ਆਇਆ ਤਾਂ ਉਹ ਗੁਰੂ ਅਮਰਦਾਸ ਜੀ ਦੇ ਦਾਰਸ਼ਨਿਕ ਅਤੇ ਆਦਰਸ਼ਕ ਜੀਵਨ ਤੋਂ ਬਹੁਤ ਪ੍ਰਭਾਵਿਤ ਹੋਇਆ। ਉਨ੍ਹਾਂ ਦੇ ਸ਼ਰਧਾਲੂ ਬਣ ਕੇ ਪਿੰਡ ਝਬਾਲ ਦੀ ਜਮੀਨ ਗੁਰੂ ਜੀ ਨੂੰ ਭੇਟ ਕੀਤੀ। ਇਸ ਜਮੀਨ ਦੀ ਸਾਂਭ ਸੰਭਾਲ ਦੀ ਸੇਵਾ ਗੁਰੂ ਅਮਰਦਾਸ ਜੀ ਨੇ ਬਾਬਾ ਬੁੱਢਾ ਜੀ ਦੀ ਲਗਾਈ। ਇਸ ਸਥਾਨ ਉੱਪਰ ਇੱਕ ਛੋਟਾ ਜਿਹਾ ਜੰਗਲ ਹੁੰਦਾ ਸੀ ਜਿਸ ਕਾਰਨ ਇਸ ਨੂੰ ਬੀੜ ਵੀ ਕਿਹਾ ਜਾਂਦਾ ਹੈ। ਇਸ ਜਗ੍ਹਾ ਉੱਤੇ ਰਹਿੰਦੇ ਹੋਏ ਬਾਬਾ ਜੀ ਪਸ਼ੂਆਂ ਅਤੇ ਜਮੀਨ ਦੀ ਦੇਖਭਾਲ ਦੇ ਨਾਲ ਨਾਲ ਸੰਗਤਾਂ ਨੂੰ ਗੁਰਬਾਣੀ ਅਤੇ ਗੁਰਮੁਖੀ ਸਿਖਾਉਣ ਦਾ ਕਾਰਜ ਵੀ ਕਰਦੇ ਸਨ।
ਬਾਬਾ ਜੀ ਦੇ ਇਸ ਜਗ੍ਹਾ ਉੱਪਰ ਜ਼ਿਆਦਾ ਸਮਾਂ ਰਹਿਣ ਕਾਰਨ ਇਸ ਜਗ੍ਹਾ ਨੂੰ ਬੀੜ ਬਾਬਾ ਬੁੱਢਾ ਜੀ ਕਿਹਾ ਜਾਣ ਲੱਗਾ। 1594 ਈ ਵਿੱਚ ਗੁਰੂ ਅਰਜਨ ਦੇਵ ਜੀ ਦੀ ਪਤਨੀ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਲਈ ਮਿੱਸੀ ਰੋਟੀ ਲੈ ਕੇ ਆਏ। ਬਾਬਾ ਜੀ ਨੇ ਇਹ ਮਿੱਸੀ ਰੋਟੀ ਖਾਧੀ ਅਤੇ ਮਾਤਾ ਗੰਗਾ ਦੀ ਔਲਾਦ ਪ੍ਰਾਪਤੀ ਦੀ ਅਰਦਾਸ ਕੀਤੀ। ਕੁਝ ਸਮੇਂ ਬਾਅਦ ਮਾਤਾ ਗੰਗਾ ਅਤੇ ਅਰਜਨ ਦੇਵ ਜੀ ਦੇ ਘਰ ਹਰਗੋਬਿੰਦ ਸਿੰਘ ਦਾ ਜਨਮ ਹੋਇਆ। ਮਾਤਾ ਗੰਗਾ ਦੀ ਸੰਤਾਨ ਪ੍ਰਾਪਤੀ ਤੋਂ ਬਾਅਦ ਬਾਕੀ ਸੰਗਤਾਂ ਵੀ ਇਸ ਜਗ੍ਹਾ ਆਪਣੀਆਂ ਮਨੋਕਾਮਨਾਵਾਂ ਦੀ ਪੂਰਤੀ ਲਈ ਅਰਦਾਸ ਕਰਨ ਲੱਗੀਆਂ। ਅੱਜ ਕੱਲ ਵੀ ਸੰਗਤਾਂ ਇਸ ਜਗ੍ਹਾ ਉੱਪਰ ਸੰਤਾਨ ਦੀ ਪ੍ਰਾਪਤੀ ਲਈ ਲਈ ਸੁੱਖ ਸੁੱਖਦੀਆਂ ਹਨ ਅਤੇ ਕੜ੍ਹਾ-ਪ੍ਰਸ਼ਾਦ ਕਰਵਾਉਂਦੀਆਂ ਹਨ। ਅੱਜ ਵੀ ਇਸ ਜਗ੍ਹਾ ਉੱਪਰ ਜਿਸ ਦਿਨ ਮਾਤਾ ਗੰਗਾ ਜੀ ਆਏ ਸਨ ਉਸ ਦਿਨ ਨੂੰ ਮੁੱਖ ਰਖਦੇ ਹੋਏ 20, 21, 22 ਅੱਸੂ ਨੂੰ ਸਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ। ਹਰ ਮਹੀਨੇ ਸੰਗਰਾਦ ਵੀ ਮਨਾਈ ਜਾਂਦੀ ਹੈ।