ਫਤਿਹਗੜ੍ਹ ਸਾਹਿਬ ਵਿੱਚ ਬਾਬਾ ਗੁਰਵਿੰਦਰ ਸਿੰਘ ਦਾ ਸਹੁਰਿਆਂ ਨਾਲ ਹੋਏ ਝਗੜੇ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ। ਪੁਲੀਸ ਨੇ ਅੱਜ ਮਾਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਖੇੜੀ ਜੱਟਾਂ ਦੇ ਰਹਿਣ ਵਾਲੇ ਬਾਬਾ ਗੁਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ਦਾ ਅੱਜ ਪੁਲਿਸ ਫਤਿਹਗੜ੍ਹ ਸਾਹਿਬ ਦੀ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਲੈ ਸਕਦੀ ਹੈ।
ਜਾਣਕਾਰੀ ਅਨੁਸਾਰ ਬਾਬਾ ਗੁਰਵਿੰਦਰ ਸਿੰਘ ਨੂੰ ਬੀਤੀ ਰਾਤ ਚੰਡੀਗੜ੍ਹ ਦੇ ਸੈਕਟਰ 32 ਦੇ ਸਰਕਾਰੀ ਹਸਪਤਾਲ ਤੋਂ ਗ੍ਰਿਫਤਾਰ ਕੀਤਾ ਗਿਆ। ਇਸ ਘਟਨਾ ਵਿੱਚ ਗੁਰਵਿੰਦਰ ਸਿੰਘ ਦੇ ਦੰਦ ਟੁੱਟ ਗਏ। ਉਸ ਦਾ ਚੰਡੀਗੜ੍ਹ ਵਿੱਚ ਇਲਾਜ ਚੱਲ ਰਿਹਾ ਸੀ।ਗ੍ਰਿਫਤਾਰੀ ਸਮੇਂ ਬਾਬੇ ਨੂੰ ਪੁਲਿਸ ਨੇ ਉਸ ਦੀ ਪੇਸ਼ੀ ਤੋਂ ਬਾਅਦ ਇਲਾਜ ਦਾ ਭਰੋਸਾ ਦਿੱਤਾ।
ਫਤਿਹਗੜ੍ਹ ਸਾਹਿਬ ‘ਚ ਬਾਬਾ ਗੁਰਵਿੰਦਰ ਸਿੰਘ ‘ਤੇ ਹਮਲੇ ਦੀ ਵੀਡੀਓ ਸਾਹਮਣੇ ਆਈ ਸੀ। ਵੀਡੀਓ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਗੁਰਵਿੰਦਰ ਸਿੰਘ ਇਸ ਘਟਨਾ ‘ਚੋਂ ਕਿਵੇਂ ਬਚ ਗਿਆ। ਵੀਡੀਓ ਦੇ ਆਧਾਰ ‘ਤੇ ਫਤਿਹਗੜ੍ਹ ਸਾਹਿਬ ਪੁਲਸ ਨੇ ਗੁਰਵਿੰਦਰ ਦੇ ਸਹੁਰੇ ਖਿਲਾਫ ਕਰਾਸ ਕੇਸ ਦਰਜ ਕੀਤਾ ਸੀ। ਇਸ ਮਾਮਲੇ ‘ਚ ਦੋਵਾਂ ਧਿਰਾਂ ਦੇ ਤਿੰਨ ਜਣਿਆਂ ਨੂੰ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। ਫਤਿਹਗੜ੍ਹ ਸਾਹਿਬ ਦੀ ਮਾਤਾ ਗੁਜਰੀ ਕਲੋਨੀ ‘ਚ ਬਾਬਾ ਗੁਰਵਿੰਦਰ ਸਿੰਘ ਖੇੜੀ ਜੱਟਾਂ ਅਤੇ ਸਹੁਰਿਆਂ ਵਿਚਾਲੇ ਹੋਏ ਝਗੜੇ ‘ਚ ਗੁਰਵਿੰਦਰ ਸਿੰਘ ਦੀ ਸੱਸ ਦੇ ਬਿਆਨਾਂ ‘ਤੇ ਬਾਬਾ ਗੁਰਵਿੰਦਰ ਸਿੰਘ, ਉਸ ਦੇ ਰਿਸ਼ਤੇਦਾਰ ਪ੍ਰਭਦੀਪ ਸਿੰਘ ਅਤੇ 5 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਨੇ ਜ਼ਖ਼ਮੀ ਬਾਬਾ ਗੁਰਵਿੰਦਰ ਸਿੰਘ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਕਰਾਸ ਕੇਸ ਦਰਜ ਕਰ ਲਿਆ ਹੈ। ਜਿਸ ਵਿੱਚ ਗੁਰਵਿੰਦਰ ਸਿੰਘ ਦੇ ਜੀਜਾ ਮਨਜੋਤ ਸਿੰਘ ਤੋਂ ਇਲਾਵਾ ਉਸਦੇ ਦੋਸਤਾਂ ਸਤਵੀਰ ਸਿੰਘ, ਜਸਪਾਲ ਸਿੰਘ ਅਤੇ ਕਈ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।
ਡੀਐਸਪੀ ਫਤਿਹਗੜ੍ਹ ਸਾਹਿਬ ਸੁਖਨਾਜ਼ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਗੁਰਵਿੰਦਰ ਸਿੰਘ ਅਤੇ ਉਸ ਦੇ ਰਿਸ਼ਤੇਦਾਰ ਪ੍ਰਭਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੂਜੀ ਧਿਰ ਦੇ ਸਤਵੀਰ ਸਿੰਘ ਅਤੇ ਜਸਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ।